ਬਠਿੰਡਾ: ਪੰਜਾਬ 'ਚ ਰਾਤ 8 ਵਜੇ ਇਕ ਦੁਕਾਨ 'ਚ ਧਮਾਕਾ ਹੋਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਠਿੰਡਾ ਦੇ ਧੋਬੀਆਣਾ ਰੋਡ 'ਤੇ ਸਥਿਤ ਗੈਸ ਸਟੋਵ ਰਿਪੇਅਰ ਦੀ ਦੁਕਾਨ 'ਚ ਰਾਤ ਕਰੀਬ 8 ਵਜੇ ਅਚਾਨਕ ਅੱਗ ਲੱਗਣ ਤੋਂ ਬਾਅਦ ਇਕ ਤੋਂ ਬਾਅਦ ਇਕ ਚਾਰ ਗੈਸ ਸਿਲੰਡਰ ਫਟ ਗਏ।
ਧਮਾਕਿਆਂ ਦੀ ਆਵਾਜ਼ ਨਾਲ ਕਸਬੇ ਵਿਚ ਦਹਿਸ਼ਤ ਫੈਲ ਗਈ ਅਤੇ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਧਮਾਕੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਮੁਤਾਬਕ ਓਮ ਪ੍ਰਕਾਸ਼ ਨਾਂ ਦਾ ਵਿਅਕਤੀ ਧੋਬੀਆਣਾ ਰੋਡ 'ਤੇ ਗੈਸ ਸਟੋਵ ਰਿਪੇਅਰ ਦੀ ਦੁਕਾਨ ਚਲਾਉਂਦਾ ਹੈ। ਰਾਤ ਕਰੀਬ 8 ਵਜੇ ਉਹ ਗੈਸ ਸਟੋਵ ਦੀ ਮੁਰੰਮਤ ਕਰ ਰਿਹਾ ਸੀ ਅਤੇ 5 ਕਿਲੋ ਗ੍ਰਾਮ ਦੇ ਸਿਲੰਡਰ ਨਾਲ ਇਸ ਦੀ ਜਾਂਚ ਕਰ ਰਿਹਾ ਸੀ ਕਿ ਅਚਾਨਕ ਗੈਸ ਲੀਕ ਹੋ ਗਈ ਅਤੇ ਅੱਗ ਲੱਗ ਗਈ।
ਇਹ ਦੇਖ ਕੇ ਦੁਕਾਨ ਮਾਲਕ ਤੁਰੰਤ ਦੁਕਾਨ ਤੋਂ ਬਾਹਰ ਭੱਜ ਗਿਆ ਅਤੇ ਕੁਝ ਹੀ ਮਿੰਟਾਂ 'ਚ ਦੁਕਾਨ 'ਚ ਰੱਖੇ 5 ਕਿਲੋ ਦੇ 4 ਸਿਲੰਡਰ ਇਕ ਤੋਂ ਬਾਅਦ ਇਕ ਫਟ ਗਏ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

