ਲੁਧਿਆਣਾ: ਸ਼ਹਿਰ 'ਚ ਸੀਲ ਬੰਦ ਮਕਾਨ ਦੇ ਤਾਲੇ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਬੈਂਕ ਵੱਲੋਂ ਸੀਲ ਕੀਤੀ ਜਾਇਦਾਦ ਦੇ ਤਾਲੇ ਤੋੜਨ ਅਤੇ ਜਾਇਦਾਦ 'ਤੇ ਕਬਜ਼ਾ ਕਰਨ ਦੇ ਦੋਸ਼ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਅਤੁਲ ਸ਼ੌਕੀਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਬੈਂਕ ਨੇ 2015 'ਚ ਪ੍ਰਦੀਪ ਯਾਦਵ ਨੂੰ 17 ਲੱਖ ਰੁਪਏ ਦਾ ਕਰਜ਼ਾ ਦਿੱਤਾ ਸੀ।
ਇਸ ਤੋਂ ਬਾਅਦ ਪ੍ਰਦੀਪ ਯਾਦਵ ਨੇ ਬੈਂਕ ਦੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਬੈਂਕ ਵੱਲੋਂ ਉਕਤ ਮਕਾਨ ਨੂੰ ਸੀਲ ਕਰ ਦਿੱਤਾ ਗਿਆ। ਪਰ ਚੈਕਿੰਗ ਦੌਰਾਨ ਜਦੋਂ ਬੈਂਕ ਦੀ ਟੀਮ ਉੱਥੇ ਗਈ ਤਾਂ ਉਕਤ ਮਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦੇ ਅੰਦਰ ਪ੍ਰਦੀਪ ਯਾਦਵ, ਪ੍ਰਮੋਦ ਯਾਦਵ, ਪੂਨਮ ਯਾਦਵ ਅਤੇ ਰਾਜਦੇਵ ਯਾਦਵ ਬੈਂਕ ਦੀ ਇਜਾਜ਼ਤ ਤੋਂ ਬਿਨਾਂ ਘਰ ਦੇ ਕਬਜ਼ੇ ਵਿਚ ਬੈਠੇ ਸਨ। ਪੁਲਿਸ ਨੇ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।