ਤੇਲੰਗਾਨਾ 'ਚ ਸ਼੍ਰੀਸੈਲਮ ਸੁਰੰਗ ਦੇ ਇਕ ਹਿੱਸੇ 'ਤੇ ਡਿੱਗੀ ਸੁਰੰਗ 'ਚ ਫਸੇ 8 ਲੋਕਾਂ 'ਚ ਪੰਜਾਬ ਦਾ ਇਕ ਨੌਜਵਾਨ ਵੀ ਸ਼ਾਮਲ ਹੈ। ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਚੀਮਾ ਕਲਾਂ ਸਰਹੱਦੀ ਪਿੰਡ ਤਰਨ ਤਾਰਨ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 20 ਦਿਨਾਂ ਤੋਂ ਤੇਲੰਗਾਨਾ ਦੀ ਇਕ ਨਿਰਮਾਣ ਕੰਪਨੀ ਵਿਚ ਮਸ਼ੀਨ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ। ਔਰਤ ਨੇ ਕਿਹਾ ਕਿ ਸਿਰਫ 20 ਦਿਨ ਪਹਿਲਾਂ ਉਸਦਾ ਪਤੀ ਰੋਜ਼ੀ-ਰੋਟੀ ਲਈ ਪਿੰਡ ਤੋਂ ਤੇਲੰਗਾਨਾ ਗਿਆ ਸੀ। ਰਾਜਵਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੇ ਸ਼ਨੀਵਾਰ ਨੂੰ ਕੰਮ 'ਤੇ ਜਾਣ ਤੋਂ ਪਹਿਲਾਂ ਉਸ ਨੂੰ ਫੋਨ ਕੀਤਾ ਅਤੇ ਉਸ ਤੋਂ ਬਾਅਦ ਉਸ ਦਾ ਕੋਈ ਜਵਾਬ ਨਹੀਂ ਆਇਆ।
ਗੁਰਪ੍ਰੀਤ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਗੁਰਪ੍ਰੀਤ ਸਿੰਘ ਪਤਨੀ ਅਤੇ ਦੋ ਬੇਟੀਆਂ ਸੁਮਨਪ੍ਰੀਤ ਕੌਰ, ਰਮਨਦੀਪ ਕੌਰ ਅਤੇ ਮਾਤਾ ਦਰਸ਼ਨ ਕੌਰ ਨਾਲ ਰਹਿੰਦੇ ਹਨ। ਰਾਜਵਿੰਦਰ ਕੌਰ ਨੇ ਦੱਸਿਆ ਕਿ ਸ਼ਾਮ ਨੂੰ ਕੰਪਨੀ ਦੇ ਇਕ ਕਰਮਚਾਰੀ ਨੇ ਫੋਨ ਕੀਤਾ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਸੁਰੰਗ 'ਚ ਕੰਮ ਕਰ ਰਹੇ ਹਨ ਕਿ ਅਚਾਨਕ ਸੁਰੰਗ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ 8 ਲੋਕ ਲਾਪਤਾ ਹੋ ਗਏ। ਸੁਰੰਗ ਮਾਹਰਾਂ ਦੀ ਮਦਦ ਨਾਲ ਲਾਪਤਾ ਲੋਕਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੀ ਹਾਲਤ ਬਹੁਤ ਖਰਾਬ ਹੈ।

