ਦੀਨਾਨਗਰ : ਦੀਨਾਨਗਰ ਦੇ ਪਿੰਡ ਅਵਾਂਖਾ ਦੇ ਸ਼ਮਸ਼ਾਨਘਾਟ 'ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਅਵਾਂਖਾ ਦੇ ਸ਼ਮਸ਼ਾਨਘਾਟ 'ਚ ਇਕ ਨੌਜਵਾਨ ਦੀ ਲਾਸ਼ ਪਈ ਸੀ ਅਤੇ ਮ੍ਰਿਤਕ ਨੌਜਵਾਨ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਇਹ ਦ੍ਰਿਸ਼ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਜਦੋਂ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਵੱਲੋਂ ਪਹਿਨੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਸ ਦੀ ਜੈਕੇਟ 'ਚੋਂ ਟੀਕੇ ਦਾ ਖਾਲੀ ਢੱਕਣ ਮਿਲਿਆ ਅਤੇ ਉਸ ਦੀ ਜੇਬ 'ਚੋਂ ਹੋਰ ਕੁਝ ਨਹੀਂ ਮਿਲਿਆ, ਜਿਸ ਕਾਰਨ ਮ੍ਰਿਤਕ ਨੌਜਵਾਨ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਨੌਜਵਾਨ ਦੇ ਮੂੰਹ 'ਚੋਂ ਨਿਕਲਰਹੇ ਝੱਗ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਦੂਜੇ ਪਾਸੇ ਇਸ ਮੌਕੇ ਸਮਾਜ ਸੇਵੀ ਅਤੇ ਪਿੰਡ ਅਵਾਂਖਾ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੁਖੀ ਪ੍ਰਦੀਪ ਠਾਕੁਰ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਦੇ ਬਾਥਰੂਮ ਨੇੜੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਅਤੇ ਸ਼ੱਕ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਅਵਾਂਖਾ ਵਿੱਚ 41 ਦਿਨਾਂ ਵਿੱਚ ਚਿੱਟੇ ਦੇ ਨਸ਼ੇ ਕਾਰਨ ਇਹ ਤੀਜੀ ਮੌਤ ਹੈ। ਪਰ ਇਸ ਤੋਂ ਪਹਿਲਾਂ ਵੀ ਪਿੰਡ ਦੇ ਕਈ ਨੌਜਵਾਨ ਚਿੱਟੇ ਦੇ ਨਸ਼ੇ ਕਾਰਨ ਮਰ ਚੁੱਕੇ ਹਨ ਅਤੇ ਕਈ ਇਸ ਰਸਤੇ 'ਤੇ ਚੱਲ ਰਹੇ ਹਨ।

