ਲੁਧਿਆਣਾ: ਸ਼ਹਿਰ ਦੇ ਇਕ ਨਿੱਜੀ ਸਕੂਲ 'ਚ ਵਿਦਿਆਰਥੀਆਂ 'ਚ ਜ਼ਬਰਦਸਤ ਹੰਗਾਮਾ ਹੋ ਗਿਆ। ਪੱਖੋਵਾਲ ਰੋਡ 'ਤੇ ਸਥਿਤ ਇਕ ਨਿੱਜੀ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਕੁੱਟਿਆ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਅਧਿਕਾਰੀਆਂ ਅਤੇ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਕਾਰੋਬਾਰੀ ਨਵੀਨ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਨਵ ਅਗਰਵਾਲ ਇਕ ਨਿੱਜੀ ਸਕੂਲ 'ਚ 8ਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਸਵੇਰੇ ਪੇਪਰ ਦੇਣ ਲਈ ਸਕੂਲ ਗਿਆ ਸੀ। ਇਸ ਦੌਰਾਨ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਉਸ ਦੇ ਬੇਟੇ ਦੀ ਕੁੱਟਮਾਰ ਕੀਤੀ। ਪਤਾ ਲੱਗਾ ਹੈ ਕਿ ਉਕਤ ਵਿਦਿਆਰਥੀਆਂ ਨੇ ਪਹਿਲਾਂ ਵੀ ਇਕ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਸੀ ਪਰ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਹੁਣ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਜੋ ਸਕੂਲ ਦਾ ਮਾਹੌਲ ਖਰਾਬ ਕਰਨ ਵਾਲੇ ਵਿਦਿਆਰਥੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ।