ਫਰੀਦਕੋਟ: ਫਰੀਦਕੋਟ ਜੇਲ ਲਿਜਾਂਦੇ ਸਮੇਂ ਇਕ ਕੈਦੀ ਗਾਰਡ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਇਸ ਦੌਰਾਨ ਕੈਦੀ ਨਾਲ ਦੁਖਦਾਈ ਹਾਦਸਾ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਾਜ਼ਿਲਕਾ ਪੁਲਿਸ ਨੇ ਜੱਜ ਸਿੰਘ ਨਾਂ ਦੇ ਭਗੌੜੇ ਕੈਦੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਦੇ ਆਦੇਸ਼ 'ਤੇ ਉਸ ਨੂੰ ਫਰੀਦਕੋਟ ਜੇਲ੍ਹ ਭੇਜਿਆ ਜਾ ਰਿਹਾ ਸੀ। ਜਦੋਂ ਪੁਲਿਸ ਕੈਦੀ ਨੂੰ ਜੇਲ੍ਹ ਲੈ ਜਾ ਰਹੀ ਸੀ ਤਾਂ ਉਸਨੇ ਸਾਦਿਕ ਕਸਬੇ ਨੇੜੇ ਗਾਰਡ ਨੂੰ ਧੱਕਾ ਦਿੱਤਾ ਅਤੇ ਗੱਡੀ ਵਿੱਚੋਂ ਛਾਲ ਮਾਰ ਕੇ ਫਰਾਰ ਹੋ ਗਿਆ। ਫਰਾਰ ਕੈਦੀ 66 ਕੇਵੀ ਗਰਿੱਡ ਵਿਚ ਦਾਖਲ ਹੋਇਆ, ਜਿੱਥੇ ਉਹ ਇਕ ਟਾਵਰ 'ਤੇ ਚੜ੍ਹ ਗਿਆ।
ਜਦੋਂ ਉਹ ਟਾਵਰ 'ਤੇ ਚੜ੍ਹਿਆ ਤਾਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਕਾਰਨ ਉਸ ਨੂੰ ਕਰੰਟ ਲੱਗ ਗਿਆ, ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਪਿਆ। ਇਸ ਘਟਨਾ ਵਿਚ ਕੈਦੀ ਜੱਜ ਸਿੰਘ ਗੰਭੀਰ ਰੂਪ ਨਾਲ ਝੁਲਸ ਗਿਆ। ਉਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕੈਦੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

