ਲੁਧਿਆਣਾ: ਵਿਜੀਲੈਂਸ ਨੇ ਲੁਧਿਆਣਾ ਵਿੱਚ ਐਨਆਰਆਈ ਦੀਪ ਸਿੰਘ ਦੀ ਜਾਅਲੀ ਰਜਿਸਟਰੀ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗਵਾਹ ਵਜੋਂ ਦਸਤਖਤ ਕਰਕੇ ਜਾਅਲੀ ਦੀਪ ਸਿੰਘ ਦੀ ਪਛਾਣ ਕਰਨ ਵਾਲੇ ਦੋਸ਼ੀ ਐਡਵੋਕੇਟ ਗੁਰਚਰਨ ਸਿੰਘ ਮਰਵਾਹਾ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ, ਜਦਕਿ ਹੁਣ ਦੋਸ਼ੀ ਰਘਬੀਰ ਸਿੰਘ ਨਾਲ ਮਿਲ ਕੇ 'ਲੈਂਡਮਾਰਕ ਰੀਅਲ ਅਸਟੇਟ' ਦੇ ਨਾਂ 'ਤੇ ਪ੍ਰਾਪਰਟੀ ਡੀਲਰ ਦੀ ਦੁਕਾਨ ਚਲਾਉਣ ਵਾਲੇ ਦੋਸ਼ੀ ਗੁਰਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਪਾਇਆ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਗੁਰਜੋਤ ਸਿੰਘ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਕੱਲ੍ਹ ਡੀਐਸਪੀ ਵੀਬੀ ਰੇਂਜ 2 ਲੁਧਿਆਣਾ ਨੇ ਥਾਣਾ ਸਿੱਧਵਾਂ ਬੇਟ ਖੇਤਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੇ ਉਸਨੂੰ ਇੱਕ ਦਿਨ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ।
ਪੁਲਿਸ ਅਨੁਸਾਰ ਮੁਲਜ਼ਮਾਂ ਨੇ ਲੁਧਿਆਣਾ ਦੇ ਲਾਡੋਵਾਲ ਬਾਈਪਾਸ ਨੇੜੇ ਨੂਰਪੁਰ ਬੇਟ ਪਿੰਡ ਵਿੱਚ ਇੱਕ ਐਨਆਰਆਈ ਦੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ 6 ਕਰੋੜ ਰੁਪਏ ਦੀ ਜ਼ਮੀਨ 30 ਲੱਖ ਰੁਪਏ ਵਿੱਚ ਵੇਚ ਦਿੱਤੀ। ਇੰਨਾ ਹੀ ਨਹੀਂ ਇਕ ਹੋਰ ਵਿਅਕਤੀ ਨੂੰ ਐਨਆਰਆਈ ਵਜੋਂ ਪੇਸ਼ ਕਰਕੇ ਕਰੋੜਾਂ ਰੁਪਏ ਦੀ ਜ਼ਮੀਨ ਮਹਿੰਗੇ ਭਾਅ ਵੇਚ ਦਿੱਤੀ ਗਈ, ਜਿਸ ਤੋਂ ਬਾਅਦ ਵਿਜੀਲੈਂਸ ਨੇ ਇਸ ਮਾਮਲੇ ਵਿਚ ਤਹਿਸੀਲਦਾਰ ਸਮੇਤ 9 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।