HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਡੀਜੀਪੀ ਗੌਰਵ ਯਾਦਵ ਨੇ ਫਰੀਦਕੋਟ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅਤੇ ਮੋਗਾ ਵਿੱਚ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਕੀਤਾ ਉਦਘਾਟਨ


ਚੰਡੀਗੜ੍ਹ/ਫਰੀਦਕੋਟ/ਮੋਗਾ, 22 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਜ਼ਬੂਤ ਪੁਲਿਸ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੂਬੇ ਵਿੱਚ ਚੱਲ ਰਹੀ ਨਸ਼ਾ ਵਿਰੋਧੀ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਦੀ ਸਮੀਖਿਆ ਕਰਨ ਲਈ ਅੱਜ ਫਰੀਦਕੋਟ ਅਤੇ ਮੋਗਾ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਦੋਵਾਂ ਜ਼ਿਲ੍ਹਿਆਂ ਵਿੱਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।

ਡੀਜੀਪੀ ਨੇ ਫਰੀਦਕੋਟ ਵਿੱਚ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਹੈ ਜਿਸ ਵਿੱਚ ਅਤਿ-ਆਧੁਨਿਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਹਾਈ-ਟੈਕ ਉਪਕਰਨਾਂ ਨਾਲ ਲੈਸ ਕਾਨਫਰੰਸ ਹਾਲ ਅਤੇ 250 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਬ੍ਰੀਫਿੰਗ ਹਾਲ ਸ਼ਾਮਲ ਹੈ, ਜਦੋਂ ਕਿ ਮੋਗਾ ਜ਼ਿਲ੍ਹੇ ਵਿੱਚ ਭਵਿੱਖਮੁਖੀ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਡੀਜੀਪੀ ਦੇ ਨਾਲ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਫਰੀਦਕੋਟ ਰੇਂਜ ਅਸ਼ਵਨੀ ਕਪੂਰ ਵੀ ਮੌਜੂਦ ਸਨ।

ਫਰੀਦਕੋਟ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਉੱਨਤ ਡਿਜੀਟਲ ਫੋਰੈਂਸਿਕ ਉਪਕਰਨਾਂ ਨਾਲ ਲੈਸ ਇਸ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਆਨਲਾਈਨ ਵਿੱਤੀ ਧੋਖਾਧੜੀ, ਪਛਾਣ ਚੋਰੀ (ਆਈਡੈਂਟਿਟੀ ਥੈਪਟ) ਅਤੇ ਸਾਈਬਰ ਧੋਖਾਧੜੀ ਨਾਲ ਨਜਿੱਠਣ ਲਈ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਪਹਿਲਾਂ ਹੀ 260 ਗੁਆਚੇ ਮੋਬਾਈਲ ਫੋਨ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ ਅਤੇ ਸਾਈਬਰ ਧੋਖਾਧੜੀ ਪੀੜਤਾਂ ਨੂੰ 90 ਲੱਖ ਰੁਪਏ ਵਾਪਸ ਕਰ ਚੁੱਕੀ ਹੈ। 

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੇ ਪੱਧਰ ‘ਤੇ ਸਫਲ ਬਣਾਉਣ ਲਈ ਫਰੀਦਕੋਟ ਪੁਲਿਸ ਦੇ ਅਸਾਧਾਰਨ ਯਤਨਾਂ ਦੀ ਸ਼ਲਾਘਾ ਕਰਦਿਆਂ, ਡੀਜੀਪੀ ਨੇ ਕਿਹਾ ਕਿ ਫਰੀਦਕੋਟ ਪੁਲਿਸ ਨੇ ਜਨਤਾ ਦੇ ਸਹਿਯੋਗ ਨਾਲ ਕੁਸ਼ਲ ਫਾਲੋ-ਅੱਪ ਸਿਸਟਮ ਵਿਕਸਤ ਕੀਤਾ ਹੈ ਅਤੇ 1 ਮਾਰਚ, 2025 ਨੂੰ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ 300 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫਰੀਦਕੋਟ ਉਹ ਜ਼ਿਲ੍ਹਾ ਹੈ ਜਿੱਥੇ ਪੰਜਾਬ ਸਰਕਾਰ ਦੀ ਸੇਫ ਪੰਜਾਬ ਐਂਟੀ-ਡਰੱਗ ਹੈਲਪਲਾਈਨ '9779100200' ਰਾਹੀਂ ਪ੍ਰਾਪਤ ਸੂਹਾਂ ‘ਤੇ ਕਾਰਵਾਈ ਕਰਦਿਆਂ ਸਭ ਤੋਂ ਵੱਧ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ।

ਫਰੀਦਕੋਟ ਪੁਲਿਸ ਵੱਲੋਂ ਆਯੋਜਿਤ 'ਵੱਡਾ ਖਾਣਾ' (ਦੁਪਹਿਰ ਦਾ ਖਾਣਾ) ਦੌਰਾਨ ਡੀਜੀਪੀ ਸ਼ਾਮਲ ਹੋਏ, ਜਿੱਥੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਨੂੰ ਪੁਲਿਸ ਬਲ ਦੇ ਮੁਖੀ ਨਾਲ ਗੱਲਬਾਤ ਕਰਨ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਖੇਤਰ ਵਿੱਚ ਪ੍ਰਭਾਵਸ਼ਾਲੀ ਟੀਮ ਵਰਕ ਲਈ ਲੋੜੀਂਦੇ ਸਬੰਧ ਮਜ਼ਬੂਤ ਹੋਏ।

ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਫਰੀਕੋਟ ਡਾ. ਪ੍ਰਗਿਆ ਜੈਨ ਨੇ ਡੀਜੀਪੀ ਨੂੰ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਫਰੀਦਕੋਟ ਪੁਲਿਸ ਨੇ 150 ਐਫਆਈਆਰ ਦਰਜ ਕਰਕੇ 300 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 4.7 ਕਿਲੋ ਹੈਰੋਇਨ, 3 ਕਿਲੋ ਅਫੀਮ, 130 ਕਿਲੋ ਭੁੱਕੀ, 3.83 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨਡੀਪੀਐਸ ਦੀ ਧਾਰਾ 68 ਐਫ ਅਧੀਨ 5 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਜਿਸ ਨਾਲ ਜ਼ਿਲ੍ਹਾ ਫਰੀਦਕੋਟ ਵਿੱਚ ਡਰੱਗ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ।

ਡੀਜੀਪੀ ਨੇ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਜਨਤਕ ਆਊਟਰੀਚ ਦੌਰਾਨ ਫਰੀਦਕੋਟ ਦੇ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਉਨ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ।

ਮੋਗਾ ਵਿੱਚ, ਡੀਜੀਪੀ ਗੌਰਵ ਯਾਦਵ ਨੇ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਸਹੂਲਤ ਅਤਿ-ਆਧੁਨਿਕ ਨਿਗਰਾਨ ਪ੍ਰਣਾਲੀਆਂ ਅਤੇ ਉੱਨਤ ਨਿਗਰਾਨ ਤਕਨਾਲੋਜੀਆਂ ਨਾਲ ਲੈਸ ਹੈ, ਜੋ ਅਪਰਾਧ ਰੋਕਥਾਮ ਵਿੱਚ ਵਾਧਾ ਕਰੇਗੀ, ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕਰੇਗੀ ਅਤੇ ਅਪਰਾਧਿਕ ਤੱਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੱਭਣ ਵਿੱਚ ਸਹਾਇਤਾ ਕਰੇਗੀ।

ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਮੋਗਾ ਸ਼ਹਿਰ, ਬਾਘਾਪੁਰਾਣਾ ਅਤੇ ਧਰਮਕੋਟ ਵਿੱਚ 140 ਨਿਗਰਾਨੀ ਕੈਮਰੇ - ਜਿਨ੍ਹਾਂ ਵਿੱਚ 107 ਬੁਲੇਟ ਕੈਮਰੇ ਅਤੇ 33 ਆਟੋਮੈਟਿਕ ਨੰਬਰ ਪਲੇਟ ਪਛਾਣ ਕਰਨ ਕੈਮਰੇ ਸ਼ਾਮਲ ਹਨ - ਲਗਾਏ ਗਏ ਹਨ। ਇਹ ਕੈਮਰੇ ਏ.ਆਈ.-ਸਮਰੱਥ ਹਨ, ਜੋ ਅੰਤਰ-ਜ਼ਿਲ੍ਹਾ ਚੌਕੀਆਂ ਦੀ ਵੀ ਨਿਗਰਾਨੀ ਕਰਨਗੇ।

ਉਨ੍ਹਾਂ ਨੇ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਧਰਮਕੋਟ ਸਬ-ਡਵੀਜ਼ਨਾਂ ਵਿੱਚ 100 ਹੋਰ ਸੀਸੀਟੀਵੀ ਕੈਮਰੇ ਲਗਾਉਣ ਦਾ ਵੀ ਐਲਾਨ ਕੀਤਾ।

ਡੀਜੀਪੀ ਨੇ ਜ਼ਿਲ੍ਹਾ ਮੋਗਾ ਵਿੱਚ ਐਸਐਚਓ ਅਤੇ ਡੀਐਸਪੀ/ਐਸਪੀ ਵਜੋਂ ਤਾਇਨਾਤ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਲਾਗੂਕਰਨ ਅਤੇ ਰੋਕਥਾਮ ਰਣਨੀਤੀਆਂ ਵਿੱਚ ਸੁਧਾਰ ਲਈ ਉਨ੍ਹਾਂ ਦੇ ਸੁਝਾਅ ਲੈ ਕੇ ਪੰਜਾਬ ਸਰਕਾਰ ਦੀ ‘ਯੁੱਧ ਨਾਸ਼ਿਆਂ ਵਿਰੁੱਧ’ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਐਸਐਸਪੀ ਮੋਗਾ ਅਜੈ ਗਾਂਧੀ ਨੇ ਜ਼ਿਲ੍ਹੇ ਵਿੱਚ 100 ਹੋਰ ਸੀਸੀਟੀਵੀ ਕੈਮਰੇ ਲਗਾਉਣ ਦਾ ਐਲਾਨ ਕਰਨ ਲਈ ਡੀਜੀਪੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੈਮਰੇ ਨਸ਼ਿਆਂ ਦੇ ਹੌਟਸਪੌਟਾਂ ਅਤੇ ਅੰਤਰ-ਜ਼ਿਲ੍ਹਾ ਸੜਕਾਂ ’ਤੇ ਕੇਂਦ੍ਰਿਤ ਕੀਤੇ ਜਾਣਗੇ ਤਾਂ ਜੋ ਸੜਕੀ ਅਪਰਾਧ ਨੂੰ ਰੋਕਿਆ ਜਾ ਸਕੇ ਅਤੇ ਨਸ਼ਾ ਤਸਕਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਸਾਂਝੇ ਕਰਦਿਆਂ, ਐਸਐਸਪੀ ਨੇ ਕਿਹਾ ਕਿ ਮੋਗਾ ਪੁਲਿਸ ਨੇ 282 ਨਸ਼ਾ ਤਸਕਰਾਂ ਨੂੰ 6.2 ਕਿਲੋ ਹੈਰੋਇਨ, 148 ਕਿਲੋ ਭੁੱਕੀ, 12 ਲੱਖ ਨਸ਼ੀਲੀਆਂ ਗੋਲੀਆਂ ਅਤੇ 3.11 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਨ ਤੋਂ ਬਾਅਦ 171 ਐਫਆਈਆਰ ਦਰਜ ਕੀਤੀਆਂ ਹਨ। 

ਜ਼ਿਕਰਯੋਗ ਹੈ ਕਿ ਡੀਜੀਪੀ ਨੇ ਫਰੀਦਕੋਟ ਅਤੇ ਮੋਗਾ ਪੁਲਿਸ ਦੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੀਜੀਪੀ ਪ੍ਰਸ਼ੰਸਾ ਡਿਸਕਸ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਡਿਊਟੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies