ਬਠਿੰਡਾ- ਬਠਿੰਡਾ 'ਚ ਹੈਰੋਇਨ ਵੇਚਣ ਦੇ ਮਾਮਲੇ 'ਚ ਪੁਲੀਸ ਵਲੋਂ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਇੱਕ ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਹੈਰੋਇਨ ਰੱਖਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 3 ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ ਹੈ।
ਨਹਿਰੀ ਥਾਣੇ ਦੇ ਐਸਐਚਓ ਹਰਜੀਵਨ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ 4 ਅਪਰੈਲ ਨੂੰ ਆਪਣੀ ਪਤਨੀ ਦੀ ਕੁੱਟਮਾਰ ਕਰਕੇ ਅਦਾਲਤ ’ਚੋਂ ਫਰਾਰ ਹੋ ਗਿਆ ਸੀ।ਪੁਲਿਸ ਨੇ ਉਸ ਨੂੰ 21 ਅਪਰੈਲ ਨੂੰ ਬਠਿੰਡਾ ਜ਼ਿਲ੍ਹੇ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਸੀ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਸੀ। ਉਸ ਕੋਲੋਂ ਪੁੱਛਗਿੱਛ ਦੌਰਾਨ ਬਲਵਿੰਦਰ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਅਮਨਦੀਪ ਕੌਰ ਤਿੰਨ ਵਾਰ ਪੁਲੀਸ ਰਿਮਾਂਡ ਹਾਸਲ ਕਰ ਚੁੱਕੀ ਹੈ।
ਸੀਨੀਅਰ ਪੁਲਿਸ ਅਧਿਕਾਰੀ ਅਜੇ ਮੀਡੀਆ ਨੂੰ ਕੋਈ ਬਿਆਨ ਨਹੀਂ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਤੋਂ ਪੁੱਛਗਿੱਛ 'ਚ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਤਿੰਨ ਦਿਨ ਦੇ ਰਿਮਾਂਡ ਦੌਰਾਨ ਪੁਲਿਸ ਡਰੱਗ ਨੈੱਟਵਰਕ ਨਾਲ ਜੁੜੇ ਕਈ ਅਹਿਮ ਸੁਰਾਗ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

