ਅੱਜ ਸਵੇਰੇ ਭਾਰਤ-ਪਾਕਿਸਤਾਨ ਸਰਹੱਦ 'ਤੇ ਤਣਾਅ ਇੱਕ ਵਾਰ ਫਿਰ ਘੰਭੀਰ ਰੂਪ ਧਾਰ ਚੁੱਕਾ ਹੈ। 5:30 ਵਜੇ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ 'ਤੇ ਡਰੋਨ ਰਾਹੀਂ ਹਮਲਾ ਕੀਤਾ ਗਿਆ। ਇਹ ਹਮਲਾ ਅੰਮ੍ਰਿਤਸਰ ਦੇ ਖਾਸਾ ਇਲਾਕੇ 'ਚ ਹੋਇਆ। ਹਮਲੇ 'ਚ ਇੱਕ ਛੋਟਾ ਅਤੇ ਇੱਕ ਵੱਡਾ ਡਰੋਨ ਭੇਜਿਆ ਗਿਆ, ਜਿਸਨੂੰ ਭਾਰਤ ਨੇ ਤੁਰੰਤ ਜਵਾਬੀ ਕਾਰਵਾਈ ਕਰਦੇ ਹੋਏ ਆਪਣੀ ਉੱਚ ਤਕਨੀਕੀ S-400 ਹਵਾਈ ਰੱਖਿਆ ਪ੍ਰਣਾਲੀ ਰਾਹੀਂ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ।
ਡਰੋਨ ਹਮਲੇ ਤੋਂ ਤੁਰੰਤ ਬਾਅਦ ਖੇਤਰ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਕਾਰਨ ਲੋਕਾਂ ਵਿੱਚ ਭੈ ਦਾ ਮਾਹੌਲ ਬਣ ਗਿਆ। ਪ੍ਰਸ਼ਾਸਨ ਨੇ ਫੌਰੀ ਤੌਰ 'ਤੇ ਅਲਰਟ ਜਾਰੀ ਕਰ ਦਿੱਤਾ ਅਤੇ ਨਾਗਰਿਕਾਂ ਨੂੰ ਆਪਣੇ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੂੰ ਖਿੜਕੀਆਂ ਤੋਂ ਦੂਰ ਰਹਿਣ ਅਤੇ ਲਾਈਟਾਂ ਬੰਦ ਰੱਖਣ ਦੀ ਹਦਾਇਤ ਦਿੱਤੀ ਗਈ। ਲਗਭਗ ਦੋ ਘੰਟਿਆਂ ਬਾਅਦ ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਗਿਆ ਕਿ ਸਥਿਤੀ ਹੁਣ ਆਮ ਹੋ ਚੁੱਕੀ ਹੈ ਅਤੇ ਕੋਈ ਵੱਡਾ ਖ਼ਤਰਾ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਪਠਾਨਕੋਟ 'ਚ ਸਵੇਰੇ 4:30 ਵਜੇ 3 ਤੋਂ 4 ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ। ਅੰਮ੍ਰਿਤਸਰ ਅਤੇ ਅਜਨਾਲਾ ਦੀਆਂ ਅਦਾਲਤਾਂ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤੀਆਂ ਗਈਆਂ ਹਨ, ਜਦਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟਾਂ ਵਿੱਚ ਵੀ ਅੱਜ ਕੋਈ ਕੰਮ ਨਹੀਂ ਹੋਵੇਗਾ।
ਗੁਰਵਾਰ ਰਾਤ ਨੂੰ ਵੀ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਪਠਾਨਕੋਟ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ। ਨਿਊਜ਼ ਏਜੰਸੀ ANI ਅਨੁਸਾਰ, ਭਾਰਤ ਨੇ ਇੱਕ ਪਾਕਿਸਤਾਨੀ ਜਹਾਜ਼ ਨੂੰ ਵੀ ਹਵਾ ਵਿੱਚ ਹੀ ਡੇਗ ਦਿੱਤਾ। ਹਾਲਾਂਕਿ ਸਰਕਾਰੀ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ।
ਜਲੰਧਰ ਵਿੱਚ ਵੀ ਦੋ ਥਾਵਾਂ 'ਤੇ ਡਰੋਨ ਹਮਲੇ ਹੋਏ, ਪਰ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਸਮੇਂ ਸਿਰ ਨਸ਼ਟ ਕਰ ਦਿੱਤਾ। ਹਮਲਿਆਂ ਤੋਂ ਕੋਈ ਜਾਨੀ ਜਾਂ ਵਿੱਤੀ ਨੁਕਸਾਨ ਨਹੀਂ ਹੋਇਆ। ਇਨ੍ਹਾਂ ਹਮਲਿਆਂ ਤੋਂ ਇਲਾਵਾ, ਬਠਿੰਡਾ ਵਿੱਚ ਵੀ ਡਰੋਨਾਂ ਦੀ ਗਤੀਵਿਧੀ ਦੇਖੀ ਗਈ ਹੈ।
7-8 ਮਈ ਦੀ ਰਾਤ ਨੂੰ ਵੀ ਪਾਕਿਸਤਾਨ ਨੇ ਵੱਡਾ ਹਮਲਾ ਕਰਦਿਆਂ ਪੰਜਾਬ ਦੇ ਕਈ ਜ਼ਿਲਿਆਂ ਵਿੱਚ—ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਆਦਮਪੁਰ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ—ਦੇ ਫੌਜੀ ਠਿਕਾਣਿਆਂ ਉੱਤੇ ਰਾਕੇਟ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਸਨ। ਭਾਰਤ ਨੇ ਫੌਰਨ ਕਾਰਵਾਈ ਕਰਦਿਆਂ ਆਪਣੇ ਹਵਾਈ ਰੱਖਿਆ ਤੰਤ੍ਰ ਨਾਲ ਜ਼ਿਆਦਾਤਰ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ।
ਸਥਿਤੀ ਹਾਲੇ ਭੀ ਸੰਵੇਦਨਸ਼ੀਲ ਹੈ, ਅਤੇ ਸਰਕਾਰ ਵੱਲੋਂ ਹਮੇਸ਼ਾਂ ਅਲਰਟ ਰਿਹੈਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਸੁਰੱਖਿਆ ਬਲ ਹਾਈ ਅਲਰਟ 'ਤੇ ਹਨ ਅਤੇ ਹਮਲੇ ਦੀ ਪਿੱਛਲੇ ਪਾਸੇ ਕਾਰਨ ਦੀ ਜਾਂਚ ਜਾਰੀ ਹੈ।

