ਲੁਧਿਆਣਾ: ਮਹਾਨਗਰ ਵਿੱਚ ਇੱਕ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਵਿੰਦਰਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁੱਲਾਂਪੁਰ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਬਜ਼ੁਰਗ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਮ੍ਰਿਤਕ ਦੀ ਬੇਟੀ ਕਿਰਨਦੀਪ ਨੂੰ ਵਟਸਐਪ 'ਤੇ ਇਸ ਬਾਰੇ ਮੈਸੇਜ ਭੇਜ ਕੇ ਕਤਲ ਦੀ ਗੱਲ ਕਬੂਲੀ, ਮੁਆਫੀ ਮੰਗੀ ਅਤੇ ਲੋਕੇਸ਼ਨ ਵੀ ਦੱਸੀ।
ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਕਾਹਲੋਂ ਉਰਫ਼ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਵਾਸੀ ਬਾਠ ਕਲਾਂ, ਨਕਦੌਰ ਵਜੋਂ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਜ਼ੁਰਗ ਦਾ ਕਤਲ ਉਸ ਦੀ ਧੀ ਦੇ ਵਿਦੇਸ਼ ਰਹਿੰਦੇ ਦੋਸਤ ਨੇ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਵਿਕਰਮ ਸੱਗੜ ਨੇ ਦੱਸਿਆ ਕਿ ਉਸ ਦਾ ਪਿਤਾ ਕਾਫੀ ਸਮੇਂ ਤੋਂ ਲਾਪਤਾ ਸੀ। ਬੀਤੇ ਦਿਨ 29 ਅਗਸਤ ਨੂੰ ਉਹ ਆਪਣੇ ਸਾਥੀ ਸਮੇਤ ਸਿਵਲ ਹਸਪਤਾਲ ਗਿਆ ਜਿੱਥੇ ਉਸ ਨੇ ਆਪਣੇ ਪਿਤਾ ਦੀ ਲਾਸ਼ ਦੀ ਸ਼ਨਾਖਤ ਕੀਤੀ। ਇਸ ਤੋਂ ਬਾਅਦ ਉਸ ਨੇ ਵਿਦੇਸ਼ ਰਹਿ ਰਹੀ ਆਪਣੀ ਭੈਣ ਕਿਰਨਦੀਪ ਨੂੰ ਸੂਚਨਾ ਦਿੱਤੀ।
ਮ੍ਰਿਤਕ ਦੀ ਲੜਕੀ ਕਿਰਨਦੀਪ ਨੇ ਦੱਸਿਆ ਕਿ ਉਸ ਦੀ ਕਥਿਤ ਦੋਸ਼ੀ ਰਣਜੀਤ ਨਾਲ ਟਿੱਕ-ਟਾਕ 'ਤੇ ਜਾਣ-ਪਛਾਣ ਹੋ ਗਈ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਵਿਆਹ ਲਈ ਕਹਿ ਰਿਹਾ ਸੀ। ਕਿਰਨਦੀਪ ਨੇ ਕਿਹਾ ਕਿ ਉਹ ਪਹਿਲਾਂ ਉਸ ਨੂੰ ਜਾਣਨਾ ਚਾਹੁੰਦੀ ਸੀ, ਜਿਸ ਕਾਰਨ ਮੁਲਜ਼ਮ ਰਣਜੀਤ ਮਾਰਚ 2024 ਵਿੱਚ ਆਸਟ੍ਰੇਲੀਆ ਚਲਾ ਗਿਆ, ਜਿੱਥੇ ਦੋਵਾਂ ਦੀ ਮੁਲਾਕਾਤ ਸ਼ੁਰੂ ਹੋ ਗਈ। ਕਿਰਨਦੀਪ ਨੇ ਦੱਸਿਆ ਕਿ ਰਣਜੀਤ ਸਿੰਘ ਸ਼ਰਾਬੀ ਸੀ ਜੋ ਅਕਸਰ ਉਸ ਦੇ ਘਰ ਦੇ ਬਾਹਰ ਉਸ ਨਾਲ ਦੁਰਵਿਵਹਾਰ ਕਰਦਾ ਸੀ ਅਤੇ ਉਸ 'ਤੇ ਦਬਾਅ ਪਾ ਰਿਹਾ ਸੀ ਕਿ ਉਹ ਆਪਣੇ ਪਤੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲਵੇ, ਇੰਨਾ ਹੀ ਨਹੀਂ ਉਹ ਉਸ ਨੂੰ ਧਮਕੀਆਂ ਵੀ ਦੇ ਰਿਹਾ ਸੀ ਕਿ ਜੇਕਰ ਉਸ ਨੇ ਆਪਣੇ ਪਤੀ ਨੂੰ ਤਲਾਕ ਨਾ ਦਿੱਤਾ ਤਾਂ ਉਹ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ | ਇਸ ਤੋਂ ਬਾਅਦ ਕਿਰਨਦੀਪ ਦੇ ਭਰਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਇਸੇ ਦੌਰਾਨ ਆਸਟ੍ਰੇਲੀਅਨ ਸਰਕਾਰ ਨੇ ਦੋਸ਼ੀ ਰਣਜੀਤ ਨੂੰ ਜੂਨ ਮਹੀਨੇ ਭਾਰਤ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮ ਫਿਰ ਆਸਟ੍ਰੇਲੀਆ ਚਲਾ ਗਿਆ, ਪਰ ਉਸ ਨੂੰ ਹਵਾਈ ਅੱਡੇ 'ਤੇ ਰੋਕ ਕੇ ਵਾਪਸ ਭੇਜ ਦਿੱਤਾ ਗਿਆ। ਇਸੇ ਰੰਜਿਸ਼ ਦੇ ਚੱਲਦਿਆਂ ਰਣਜੀਤ ਨੇ ਆਪਣੇ ਭਤੀਜੇ ਨਾਲ ਮਿਲ ਕੇ ਔਰਤ ਕਿਰਨਦੀਪ ਦੇ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ।


