ਅੰਮ੍ਰਿਤਸਰ- ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਨੇ ਸ਼ਹਿਰ ਵਿੱਚ ਗੈਰ-ਕਾਨੂੰਨੀ ਕਲੋਨੀਆਂ ਦੀ ਉਸਾਰੀ 'ਤੇ ਰੋਕ ਲਗਾ ਦਿੱਤੀ ਹੈ। ਸੋਮਵਾਰ ਨੂੰ ਮੁੱਖ ਪ੍ਰਸ਼ਾਸਕ ਨਿਤੀਸ਼ ਕੁਮਾਰ ਜੈਨ ਅਤੇ ਵਧੀਕ ਮੁੱਖ ਪ੍ਰਸ਼ਾਸਕ ਇਨਾਇਤ ਦੇ ਹੁਕਮਾਂ 'ਤੇ ਕਾਰਵਾਈ ਕੀਤੀ ਗਈ। ਜ਼ਿਲ੍ਹਾ ਟਾਊਨ ਪਲਾਨਰ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਏਡੀਏ ਦੇ ਰੈਗੂਲੇਟਰੀ ਵਿੰਗ ਨੇ ਅੰਮ੍ਰਿਤਸਰ-ਰਾਮਤੀਰਥ ਰੋਡ ’ਤੇ ਬਣ ਰਹੀਆਂ ਅਣ-ਅਧਿਕਾਰਤ ਕਲੋਨੀਆਂ ਦੇ ਚੱਲ ਰਹੇ ਕੰਮ ਨੂੰ ਰੋਕ ਦਿੱਤਾ।ਇਸ ਕਾਰਵਾਈ ਦੌਰਾਨ ਪਿੰਡ ਵਡਾਲਾ ਭਿੱਟੇਵੱਡ ਨੇੜੇ ਏਕਮ ਗਾਰਡਨ, ਹਰਗੋਬਿੰਦ ਟਰੇਡਰਜ਼ ਮਾਰਬਲ ਸਟੋਰ, ਨਿਊ ਮੈਪਲ ਸਿਟੀ ਅਤੇ ਗਿੱਲ ਡੇਅਰੀ ਨੇੜੇ ਬਣ ਰਹੀਆਂ ਕਲੋਨੀਆਂ ਦੀ ਉਸਾਰੀ ਨੂੰ ਰੋਕਿਆ ਗਿਆ। ਇਸ ਤੋਂ ਇਲਾਵਾ ਪਿੰਡ ਲੋਪੋਕੇ ਵਿੱਚ ਵੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ।
ਰੈਗੂਲੇਟਰੀ ਵਿੰਗ ਨੇ ਕਿਹਾ ਕਿ ਪਾਪਰਾ ਐਕਟ-1995 ਤਹਿਤ ਨੋਟਿਸ ਜਾਰੀ ਕੀਤੇ ਗਏ ਹਨ। ਕਲੋਨੀਆਂ ਕੱਟਣ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ 5 ਤੋਂ 10 ਸਾਲ ਦੀ ਕੈਦ ਅਤੇ 25 ਲੱਖ ਤੋਂ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਵਿਭਾਗ ਨੇ ਹੁਣ ਤੱਕ 17 ਅਣਅਧਿਕਾਰਤ ਕਾਲੋਨਾਈਜ਼ਰਾਂ ਅਤੇ ਬਿਲਡਰਾਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਪੁਲਿਸ ਨੂੰ ਲਿਖਿਆ ਹੈ।
ਪੁੱਡਾ ਦਾ ਰੈਗੂਲੇਟਰੀ ਵਿੰਗ ਸਮੇਂ-ਸਮੇਂ 'ਤੇ ਜ਼ਿਲ੍ਹੇ ਵਿੱਚ ਨਾਜਾਇਜ਼ ਉਸਾਰੀਆਂ ਦੀ ਜਾਂਚ ਕਰਦਾ ਹੈ। ਏਡੀਏ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾਜਾਇਜ਼ ਕਲੋਨੀਆਂ ਵਿੱਚ ਪਲਾਟ ਖਰੀਦਣ ਤੋਂ ਪਹਿਲਾਂ ਪੁੱਡਾ ਤੋਂ ਮਨਜ਼ੂਰੀ ਜ਼ਰੂਰ ਲੈਣ। ਇਸ ਨਾਲ ਉਹ ਆਰਥਿਕ ਨੁਕਸਾਨ ਅਤੇ ਮੁਸੀਬਤ ਤੋਂ ਬਚਣਗੇ।