ਬਠਿੰਡਾ, 17 ਜੂਨ 2025– ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਤੇ ਪੰਜਾਬ ਵਿਲੇਜ ਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3(1) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਠਿੰਡਾ ਜ਼ਿਲ੍ਹੇ ਦੀ ਹੱਦ ਵਿੱਚ ਕਈ ਕਿਸਮ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ, ਜੋ 9 ਅਗਸਤ 2025 ਤੱਕ ਲਾਗੂ ਰਹਿਣਗੀਆਂ।
ਹੁਕਮਾਂ ਮੁਤਾਬਕ ਉਲਾਈਵ ਗਰੀਨ ਰੰਗ ਦੀ ਮਿਲਟਰੀ ਵਰਦੀ ਜਾਂ ਅਜਿਹੇ ਰੰਗ ਦੀਆਂ ਜੀਪਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਵਰਤੋਂ ਉੱਤੇ ਰੋਕ ਲਾਈ ਗਈ ਹੈ। ਇਸ ਦੇ ਨਾਲ ਹੀ, ਜ਼ਿਲ੍ਹੇ ਦੇ ਪਿੰਡਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਿਹਤਮੰਦ ਬਾਲਗ ਨਿਵਾਸੀਆਂ ਨੂੰ ਠੀਕਰੀ ਪੈਰਾ ਰਾਖੀ ਵਜੋਂ ਜਲ ਸਰੋਤਾਂ, ਨਰਵੇ, ਪਟੜੀਆਂ ਅਤੇ ਜਨ ਨਿਕਾਸ ਥਾਵਾਂ ਦੀ ਰਾਖੀ ਲਈ ਨਿਯੁਕਤ ਕੀਤਾ ਗਿਆ ਹੈ।
ਸਿਵਲ ਏਅਰਪੋਰਟ ਵਿਰਕ ਕਲਾਂ, ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ, ਆਈਓਸੀਐਲ, ਬੀਪੀਸੀਐਲ, ਐਚਪੀਸੀਐਲ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ‘ਚ ਡਰੋਨ ਕੈਮਰੇ ਦੀ ਉਡਾਣ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਭਿਸੀਆਣਾ ਏਅਰਫੋਰਸ ਅੱਡੇ ਦੇ 100 ਗਜ ਅੰਦਰ, ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਦੁਕਾਨਾਂ ਜਾਂ ਧੰਦੇ ਦੀ ਸ਼ੁਰੂਆਤ ਨਹੀਂ ਕੀਤੀ ਜਾ ਸਕੇਗੀ।
ਇਸਦੇ ਨਾਲ ਹੀ ਪੁਰਾਣੀ ਤਹਿਸੀਲ ਕੰਪਲੈਕਸ ਬਠਿੰਡਾ ਵਿੱਚ ਸਰਕਾਰੀ ਜਗ੍ਹਾਂ ’ਤੇ ਗੈਰ ਕਾਨੂੰਨੀ ਤੌਰ ’ਤੇ ਬਣ ਰਹੀਆਂ ਦੁਕਾਨਾਂ ਜਾਂ ਚੈਂਬਰਾਂ ਦੀ ਉਸਾਰੀ ਉੱਤੇ ਪੂਰਨ ਰੋਕ ਲਾਈ ਗਈ ਹੈ (ਇਹ ਰੋਕ ਸਰਕਾਰੀ ਇਮਾਰਤਾਂ ’ਤੇ ਲਾਗੂ ਨਹੀਂ ਹੋਵੇਗੀ)।
ਇਸਦੇ ਇਲਾਵਾ, ਬਿਨਾਂ ਕਵਰ ਕੀਤੇ ਟਰੈਕਟਰ-ਟਰਾਲੀਆਂ ਰਾਹੀਂ ਮਿੱਟੀ ਜਾਂ ਬਰੇਤੀ ਦੀ ਢੁਆਈ ਕਰਨ ਉੱਤੇ ਵੀ ਰੋਕ ਲਾਈ ਗਈ ਹੈ। ਵਿਆਹ, ਸਮਾਗਮ ਜਾਂ ਹੋਰ ਸਮਾਜਕ ਕਾਰਜਾਂ ਵਿੱਚ ਪਟਾਖੇ, ਆਤਿਸ਼ਬਾਜ਼ੀ ਜਾਂ ਆਰਮ ਫਾਇਰ ਵਰਤਣ ਉੱਤੇ ਵੀ ਪਾਬੰਦੀ ਲਾਗੂ ਹੋਈ ਹੈ।
ਅੰਤ ਵਿੱਚ, ਕਿਸੇ ਵੀ ਵਿਅਕਤੀ ਵੱਲੋਂ ਉੱਚੀਆਂ ਥਾਵਾਂ ਜਾਂ ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹਨ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਅਸ਼ਾਂਤੀ ਜਾਂ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਇਹ ਸਾਰੇ ਹੁਕਮ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸਥਿਰ ਬਣਾਈ ਰੱਖਣ ਲਈ ਲਾਗੂ ਕੀਤੇ ਗਏ ਹਨ।