ਸਮਾਲਸਰ, ਮੋਗਾ: "ਪੁੱਤ ਵੰਡਾਉਣ ਜਮੀਨਾਂ, ਧੀਆਂ ਦੁੱਖ ਵਡਾਉਣ" — ਕਿੰਨੇ ਸੋਹਣੇ ਅਲਫ਼ਾਜ਼ ਨੇ, ਪਰ ਹਕੀਕਤ ਵਿੱਚ ਅੱਜ ਵੀ ਕੁਝ ਲੋਕ ਧੀਆਂ ਨੂੰ ਜੰਮਣ ਤੋਂ ਬਾਅਦ ਮਾਰ ਕੇ ਨਹਿਰਾਂ ਵਿੱਚ ਸੁੱਟ ਰਹੇ ਹਨ। ਅਜਿਹਾ ਹੀ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਮਾਲਸਰ ਘਰਾਟ ਨਹਿਰ 'ਚੋਂ ਸਾਹਮਣੇ ਆਇਆ ਜਿੱਥੇ ਇਕ ਛੋਟੀ ਜਿਹੀ ਕੁੜੀ ਦੀ ਲਾਸ਼ ਮਿਲੀ। ਇਹ ਦਰਦ ਭਰੀ ਘਟਨਾ ਸਮਾਜ ਦੇ ਮਨੁੱਖੀ ਚਿਹਰੇ 'ਤੇ ਇੱਕ ਕਾਲਾ ਧੱਬਾ ਹੈ।
ਇਸ ਲਾਸ਼ ਨੂੰ ਬੰਟੀ ਸਿੰਘ ਗੋਤਾਖੋਰ ਨੇ, ਜੋ ਸਾਲਾਂ ਤੋਂ ਵੱਖ-ਵੱਖ ਨਹਿਰਾਂ, ਨਦੀਆਂ, ਅਤੇ ਰੋਡ ਹਾਦਸਿਆਂ ਦੀਆਂ ਲਾਸ਼ਾਂ ਕੱਢਣ ਦੀ ਸੇਵਾ ਕਰ ਰਿਹਾ ਹੈ, ਆਪਣੀ ਜਿੰਮੇਦਾਰੀ ਤੇ ਸਮਾਲਸਰ ਘਰਾਟ ਨਹਿਰ 'ਚੋਂ ਕੱਢ ਕੇ ਪੁਲਿਸ ਦੇ ਹਵਾਲੇ ਕੀਤਾ। ਬੰਟੀ ਸਿੰਘ ਨੇ ਪੰਜਾਬ ਦੀ ਹਰੇਕ ਨਹਿਰ 'ਚੋਂ ਲਾਸ਼ਾਂ ਕੱਢ ਕੇ ਵਾਰਸਾਂ ਨੂੰ ਸੌਂਪੀ ਹਨ, ਪਰ ਅਫ਼ਸੋਸ ਕਿ ਅਜਿਹੇ ਸੇਵਾਦਾਰਾਂ ਦੀ ਕਦਰ ਕਰਨ ਵਾਲੇ ਘੱਟ ਹੀ ਮਿਲਦੇ ਨੇ।
72 ਘੰਟੇ ਮੋਗਾ ਸਿਵਲ ਹਸਪਤਾਲ 'ਚ ਲਾਸ਼ ਦੀ ਪਛਾਣ ਨਾ ਹੋਣ 'ਤੇ ਪੁਲਿਸ ਨੇ ਸਮਾਜ ਸੇਵਾ ਸੁਸਾਇਟੀ ਨਾਲ ਸੰਪਰਕ ਕੀਤਾ। ਇਸ ਸੰਸਥਾ ਨੇ ਲਵਾਰਸ ਬਾਡੀਆਂ ਦੀ ਸੰਭਾਲ ਤੇ ਅੰਤਿਮ ਸੰਸਕਾਰ ਕਰਨ ਦੀ ਸੇਵਾ ਆਪਣੇ ਜਿੰਮੇ ਲੈ ਰਹੀ ਹੈ।
ਸਮਾਜ ਸੇਵਾ ਸੁਸਾਇਟੀ (ਰਜਿ.) ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਜੀ ਦੀ ਅਗਵਾਈ ਹੇਠ, ਸੇਵਾਦਾਰਾਂ ਨੇ ਉਸ ਲਵਾਰਸ ਬੱਚੀ ਦੀ ਵਾਰਸ ਬਣ ਕੇ ਅੰਤਿਮ ਸਸਕਾਰ ਕੀਤਾ।
ਇਨਸਾਨੀਅਤ ਦੀ ਅਸਲ ਪਰਖ ਤਦ ਹੋਦੀ ਹੈ ਜਦ ਬਿਨਾਂ ਲਾਭ-ਹਾਨੀ ਦੇ ਕਿਸੇ ਦੀ ਮਦਦ ਕੀਤੀ ਜਾਵੇ। ਇਨ੍ਹਾਂ ਸੇਵਾਦਾਰਾਂ ਨੇ ਸਾਬਤ ਕਰ ਦਿੱਤਾ ਕਿ ਅਜੇ ਵੀ ਦੁਨੀਆਂ 'ਚ ਇਨਸਾਨੀਅਤ ਜਿੰਦਾ ਹੈ।