ਸੁਲਤਾਨਪੁਰ ਲੋਧੀ (ਕਪੂਰਥਲਾ), 29 ਜੂਨ: ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੀ ਇਕ ਬਜ਼ੁਰਗ ਔਰਤ ਨਾਲ ਦਿਨ ਦਿਹਾੜੇ ਤਿੰਨ ਲਟੇਰਿਆਂ ਨੇ ਲੁੱਟ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸ਼ਹਿਰ ਦੇ ਰਸਤੇ 'ਤੇ ਵਾਪਰੀ ਜਦੋਂ ਔਰਤ ਨੂੰ ਰੋਕ ਕੇ ਲਟੇਰੇ ਉਸ ਦੇ ਵਾਲ ਖਿੱਚ ਕੇ ਵਾਲੀਆਂ ਉਤਾਰ ਲੈ ਗਏ।
ਔਰਤ ਦੀਆਂ ਚੀਕਾਂ ਸੁਣ ਅੰਮ੍ਰਿਤਧਾਰੀ ਨੌਜਵਾਨ ਇਕ ਫਰਿਸਤੇ ਵਾਂਗ ਮੌਕੇ 'ਤੇ ਪਹੁੰਚਿਆ। ਜਦ ਲਟੇਰਿਆਂ ਨੇ ਉਸ ਨੂੰ ਆਉਂਦਾ ਦੇਖਿਆ, ਉਹ ਮੋਟਰਸਾਈਕਲ 'ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਨੌਜਵਾਨ ਨੇ ਹੌਸਲਾ ਦਿਖਾਉਂਦਿਆਂ ਤੁਰੰਤ ਪਿੱਛਾ ਕਰਕੇ ਤਿੰਨ ਵਿਚੋਂ ਦੋ ਲਟੇਰਿਆਂ ਨੂੰ ਮੋਟਰਸਾਈਕਲ ਸਮੇਤ ਫੜ ਲਿਆ, ਜਦਕਿ ਇਕ ਲਟੇਰਾ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਸ ਦੌਰਾਨ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਦੋਸ਼ੀਆਂ ਨੂੰ ਪਕੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਲੁੱਟ ਦੀ ਸ਼ਿਕਾਰ ਔਰਤ ਦੀ ਨੂੰਹ ਵੀ ਮੌਕੇ 'ਤੇ ਪਹੁੰਚੀ ਅਤੇ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਲਟੇਰਿਆਂ ਦੀ ਸਖ਼ਤ ਤਰ੍ਹਾਂ 'ਸੇਵਾ' ਕੀਤੀ।
ਮੌਕੇ 'ਤੇ ਪੁੱਜੀ ਪੁਲਿਸ ਨੇ ਦੋਸ਼ੀਆਂ ਨੂੰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ। ਪ੍ਰਾਰੰਭਕ ਜਾਂਚ ਵਿੱਚ ਸਾਹਮਣੇ ਆਇਆ ਕਿ ਤਿੰਨੇ ਲਟੇਰੇ ਜਲੰਧਰ ਦੇ ਸ਼ਾਹਕੋਟ ਇਲਾਕੇ ਨਾਲ ਸਬੰਧਤ ਹਨ ਜੋ ਸੁਲਤਾਨਪੁਰ ਲੋਧੀ ਵਿਚ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ।
ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਗੁੱਸਾ ਵੇਖਣ ਨੂੰ ਮਿਲਿਆ ਤੇ ਉਹਨਾਂ ਵੱਲੋਂ ਦਿਨ ਦਿਹਾੜੇ ਵਾਪਰ ਰਹੀਆਂ ਅਜਿਹੀਆਂ ਵਾਰਦਾਤਾਂ ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਗਏ ਹਨ।