ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਯੁੱਧ ਪੱਧਰੀ ਮੁਹਿੰਮ ਤਹਿਤ ਅੰਮ੍ਰਿਤਸਰ 'ਚ ਡਰੱਗ ਸਮਗਲਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਗੁਰੂ ਕੀ ਵਡਾਲੀ ਖੇਤਰ 'ਚ ਡੀਸੀਪੀ ਆਲਮ ਵਿਜੇ ਸਿੰਘ ਦੀ ਅਗਵਾਈ ਹੇਠ ਪੁਲਿਸ ਅਤੇ ਨਗਰ ਨਿਗਮ ਨੇ ਰਾਮ ਸਿੰਘ ਉਰਫ ਲੱਡੂ ਅਤੇ ਉਸਦੇ ਭਰਾ ਗੁਰਪ੍ਰੀਤ ਸਿੰਘ ਦੀ ਜਾਇਦਾਦ 'ਤੇ ਪੀਲਾ ਪੰਜਾ ਚਲਾਇਆ। ਰਾਮ ਸਿੰਘ ਵਿਰੁੱਧ ਐਨਡੀਪੀਐਸ ਐਕਟ ਹੇਠ ਤਿੰਨ ਕੇਸ ਦਰਜ ਹਨ ਅਤੇ ਉਹ ਲੁਧਿਆਣਾ ਅਤੇ ਛੇਹਰਟਾ ਥਾਣੇ ਵਿੱਚ ਦਰਜ ਮਾਮਲਿਆਂ 'ਚ ਭਗੌੜਾ ਐਲਾਨ ਹੋ ਚੁੱਕਾ ਹੈ। ਉਸਦਾ ਭਰਾ ਵੀ ਨਸ਼ਾ ਸਮਗਲਿੰਗ ਦੇ ਮਾਮਲੇ 'ਚ ਫਰਾਰ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਭਰਾਵਾਂ ਨੇ ਆਪਣੀ ਜਾਇਦਾਦ ਅਤੇ ਨਸ਼ਾ ਕਾਰੋਬਾਰ ਇਲਲੀਗਲ ਡਰੱਗ ਮਨੀ ਰਾਹੀਂ ਖੜੀ ਕੀਤੀ ਸੀ। 2019 ਤੋਂ ਇਨ੍ਹਾਂ ਖ਼ਿਲਾਫ਼ ਕੇਸ ਚੱਲ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਭਗੌੜਾ ਘੋਸ਼ਿਤ ਕਰ ਕੇ ਸਰਕਾਰੀ ਪੱਧਰ 'ਤੇ ਕਰੜੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਸਾਫ਼ ਕੀਤਾ ਕਿ ਜੋ ਵੀ ਵਿਅਕਤੀ ਨਸ਼ਾ ਤਸਕਰੀ ਜਾਂ ਇਸ ਨਾਲ ਜੁੜੀ ਹੋਈ ਗਤੀਵਿਧੀ ਵਿੱਚ ਪਾਇਆ ਜਾਂਦਾ ਹੈ, ਉਸ ਉੱਤੇ ਤੁਰੰਤ ਕਾਨੂੰਨੀ ਚੋਖੀ ਕਾਰਵਾਈ ਕੀਤੀ ਜਾਵੇਗੀ। ਇਹ ਮੁਹਿੰਮ ਰੋਕਣ ਦੀ ਨਹੀਂ, ਸਿਰਫ ਅੱਗੇ ਵਧਾਉਣ ਦੀ ਹੈ।