ਤਰਨ ਤਾਰਨ-ਝਬਾਲ ਰੋਡ 'ਤੇ ਪਿੰਡ ਕੋਟ ਧਰਮ ਚੰਦ ਨੇੜੇ ਇੱਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਮੰਨਣ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਦੋਵੇਂ ਮੋਟਰਸਾਈਕਲ ਰਾਹੀਂ ਤਰਨ ਤਾਰਨ ਤੋਂ ਅੱਡਾ ਝਬਾਲ ਵੱਲ ਜਾ ਰਹੇ ਸਨ, ਜਦੋਂ ਸੂਆ ਪੁੱਲ ਰੋਡ ਨੇੜੇ ਉਨ੍ਹਾਂ ਦੀ ਟੱਕਰ ਸਾਹਮਣੇ ਤੋਂ ਆ ਰਹੀ ਥਾਣਾ ਝਬਾਲ ਦੀ ਐੱਮ.ਟੀ. ਬ੍ਰਾਂਚ ਦੀ ਬੋਲੈਰੋ ਗੱਡੀ ਨਾਲ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਖ਼ਬਰ ਮਿਲਦਿਆਂ ਹੀ ਥਾਣਾ ਝਬਾਲ ਤੋਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਡਿਊਟੀ ਅਫਸਰ ਸੁਖਵਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਹਾਦਸੇ ਤੋਂ ਬਾਅਦ ਪਰਿਵਾਰਾਂ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਸਾਰੇ ਰੋ-ਰੋ ਕੇ ਬੇਹਾਲ ਹਨ।