ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੁਕਣਾ ਮੁਗਲਾਂ ਵਿੱਚੋਂ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਕਾਜਲ ਨਾਮ ਦੀ ਵਿਆਹੁਤਾ ਮਹਿਲਾ ਨੂੰ ਜਿੰਦਾ ਸਾੜ ਕੇ ਮਾਰਨ ਦੇ ਦੋਸ਼ ਲੱਗ ਰਹੇ ਹਨ। ਕਾਜਲ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਨੂਰਪੁਰ ਸੇਠਾਂ ਦੇ ਮਨਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ, ਕਾਜਲ ਨੂੰ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਦਬਾਅ ਅਤੇ ਤੰਗ-ਪਰੇਸ਼ਾਨੀ ਦੇ ਕਾਰਨ ਹੀ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਕਰੀਬ ਪੰਜ ਦਿਨ ਪਹਿਲਾਂ ਉਨ੍ਹਾਂ ਨੂੰ ਸਿਰਫ਼ ਇਹ ਸੂਚਨਾ ਮਿਲੀ ਕਿ ਕਾਜਲ ਹਸਪਤਾਲ ਵਿੱਚ ਦਾਖਲ ਹੈ। ਜਦ ਉਹ ਹਸਪਤਾਲ ਪਹੁੰਚੇ ਤਾਂ ਕਾਜਲ ਬੁਰੀ ਤਰ੍ਹਾਂ ਸੜੀ ਹੋਈ ਸੀ ਅਤੇ ਕੁਝ ਬੋਲਣ ਦੇ ਯੋਗ ਨਹੀਂ ਰਹੀ ਸੀ। ਇਸ ਦੌਰਾਨ ਸਹੁਰੇ ਪਰਿਵਾਰ ਨੇ ਨਾ ਕੋਈ ਜਾਣਕਾਰੀ ਦਿੱਤੀ ਅਤੇ ਨਾ ਹੀ ਹਸਪਤਾਲ ਵਿੱਚ ਮੌਜੂਦ ਰਹੇ।
ਇਲਾਜ ਦੌਰਾਨ ਕਾਜਲ ਨੇ ਪੰਜ ਦਿਨ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜੀ, ਪਰ ਆਖ਼ਿਰਕਾਰ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਇੱਕ ਦੋ ਸਾਲ ਦੀ ਛੋਟੀ ਬੱਚੀ ਵੀ ਹੈ। ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਲੋਕਾਂ ਦੀ ਨਿਗਾਹ ਇਸ ਗੱਲ ‘ਤੇ ਹੈ ਕਿ ਕੀ ਕਾਜਲ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ ਜਾਂ ਉਹਨਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪੈਣਗੇ।