ਫਰੀਦਕੋਟ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਮਨਾਇਆ ਜਾਣ ਵਾਲਾ ਮਸ਼ਹੂਰ ਦੁਸਹਿਰਾ ਤਿਉਹਾਰ ਇਸ ਵਾਰ ਨਾ ਮਨਾਉਣ ਦਾ ਫੈਸਲਾ ਲਿਆ ਗਿਆ। ਕਮੇਟੀ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਬਰਬਾਦੀ, ਜਾਨੀ ਤੇ ਮਾਲੀ ਨੁਕਸਾਨ ਅਤੇ ਬੇਘਰ ਹੋਏ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਿਲ ਹੋਣ ਲਈ ਇਹ ਫੈਸਲਾ ਲਿਆ ਗਿਆ।
ਦੁਸਹਿਰਾ ਕਮੇਟੀ ਨੇ ਅੱਜ ਮਹਾ ਮ੍ਰਿਤਿਉਂਜਯ ਮੰਦਰ ਵਿੱਚ ਸੁੰਦਰ ਕਾਂਡ ਦਾ ਪਾਠ ਕਰਵਾਇਆ ਅਤੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਅਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਕਮੇਟੀ ਮੈਂਬਰਾਂ ਦਾ ਕਹਿਣਾ ਸੀ ਕਿ ਜਦੋਂ ਸੂਬੇ ਦੇ ਲੋਕ ਤ੍ਰਾਸਦੀ ਦਾ ਸਾਹਮਣਾ ਕਰ ਰਹੇ ਹਨ, ਉਸ ਵੇਲੇ ਖੁਸ਼ੀਆਂ ਮਨਾਉਣਾ ਠੀਕ ਨਹੀਂ।
ਯਾਦ ਰਹੇ ਕਿ ਫਰੀਦਕੋਟ ਦਾ ਦੁਸਹਿਰਾ ਕੁੱਲੂ ਦੇ ਦੁਸਹਿਰੇ ਤੋਂ ਬਾਅਦ ਸਭ ਤੋਂ ਮਸ਼ਹੂਰ ਮੰਨਿਆ ਜਾਂਦਾ ਸੀ ਅਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੁੰਦੇ ਸਨ। ਹਾਲਾਂਕਿ, ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਅੱਜ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ ਅਤੇ ਦੁਸਹਿਰਾ ਮਨਾਇਆ ਜਾਵੇਗਾ।