ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ਼ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਏਜੰਸੀ ਨੇ ਇੱਕ ਕਾਰ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਜਾ ਰਹੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੁੱਲ ਮਾਤਰਾ 50 ਕਿਲੋ ਦੱਸੀ ਜਾ ਰਹੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 250 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸ਼ੇਰਾਵਾਲੀ ਛੰਨਾ ਦੇ ਰਹਿਣ ਵਾਲੇ ਸੰਦੀਪ ਸਿੰਘ ਵਜੋਂ ਹੋਈ ਹੈ।
ਮੁਕਾਬਲੇ ਤੋਂ ਬਾਅਦ ਹੋਈ ਗ੍ਰਿਫ਼ਤਾਰੀ
ਪ੍ਰਾਪਤ ਜਾਣਕਾਰੀ ਅਨੁਸਾਰ, ANTF ਦੀ ਟੀਮ ਲੰਬੇ ਸਮੇਂ ਤੋਂ ਸੰਦੀਪ ਸਿੰਘ ਦਾ ਪਿੱਛਾ ਕਰ ਰਹੀ ਸੀ। ਜਦੋਂ ਟੀਮ ਨੇ ਉਸਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਮਮਦੋਟ ਦੇ ਪਿੰਡ ਗਜ਼ਨੀਵਾਲਾ ਵੱਲ ਭੱਜ ਗਿਆ।
ਏਐਨਟੀਐਫ ਨੇ ਫਿਰ ਪਿੰਡ ਰਾਉਕੇ ਹਿਠਾੜ ਵਿਖੇ ਉਸਨੂੰ ਘੇਰ ਲਿਆ। ਇਸ ਦੌਰਾਨ ਏਜੰਸੀ ਅਤੇ ਤਸਕਰ ਵਿਚਕਾਰ ਗੋਲੀਬਾਰੀ ਵੀ ਹੋਈ, ਜਿਸ ਤੋਂ ਬਾਅਦ ਸੰਦੀਪ ਸਿੰਘ ਨੂੰ ਆਖਰਕਾਰ ਕਾਬੂ ਕਰ ਲਿਆ ਗਿਆ।
ਇਹ ਵੀ ਦੱਸਿਆ ਗਿਆ ਹੈ ਕਿ ਗ੍ਰਿਫ਼ਤਾਰ ਤਸਕਰ ਸੰਦੀਪ ਸਿੰਘ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ।

