ਨਾਭਾ ਵਿੱਚ ਪ੍ਰਾਪਰਟੀ ਡੀਲਰ ਨਰਿੰਦਰ ਸਿੰਘ 'ਤੇ 8 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਜ਼ਖਮੀ ਹਾਲਤ ਵਿੱਚ ਨਰਿੰਦਰ ਸਿੰਘ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ। ਪੀੜਿਤ ਨੇ ਦੋਸ਼ ਲਗਾਇਆ ਹੈ ਕਿ ਹਮਲਾਵਰਾਂ ਨੇ ਉਸ 'ਤੇ ਬੇਰਹਿਮੀ ਨਾਲ ਵਾਰ ਕੀਤੇ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ।
ਨਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਮੋਟਰ 'ਤੇ ਬੈਠ ਕੇ ਅਕਸਰ ਨਸ਼ਾ ਕਰਦੇ ਸਨ। ਉਨ੍ਹਾਂ ਨੂੰ ਟੋਕਣ 'ਤੇ ਅੱਜ ਵੀ ਉਹਨਾਂ ਤੋਂ ਮੁਆਫੀ ਮੰਗਵਾਈ ਗਈ ਕਿ ਅੱਗੇ ਤੋਂ ਇਸ ਜਗ੍ਹਾ 'ਤੇ ਨਹੀਂ ਆਉਣਗੇ। ਉਹ ਨੌਜਵਾਨ ਮੁਆਫੀ ਮੰਗ ਕੇ ਚਲੇ ਗਏ, ਪਰ ਅੱਧੇ ਘੰਟੇ ਬਾਅਦ ਵਾਪਸ ਆ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸਦਾ ਮੋਬਾਇਲ ਫੋਨ ਤੇ ਕੁਝ ਨਕਦ ਪੈਸੇ ਲੂਟ ਕੇ ਮੌਕੇ ਤੋਂ ਫਰਾਰ ਹੋ ਗਏ।
ਪੀੜਿਤ ਦੇ ਰਿਸ਼ਤੇਦਾਰ ਲਾਲੀ ਸਕਰੋਦੀ ਨੇ ਦੱਸਿਆ ਕਿ ਇਹ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਮੋਟਰ 'ਤੇ ਅਕਸਰ ਇਕੱਠੇ ਹੋ ਕੇ ਨਸ਼ਾ ਕਰਦੇ ਹਨ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਗੁੱਸੇ 'ਚ ਆ ਕੇ ਇਹ ਜਾਨਲੇਵਾ ਹਮਲਾ ਕੀਤਾ। ਪੀੜਿਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਹੈ ਕਿ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।
ਇਸ ਸਬੰਧੀ ਨਾਭਾ ਕੌਤਵਾਲੀ ਦੇ ਇੰਸਪੈਕਟਰ ਸਰਬਜੀਤ ਚੀਮਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਆਰੋਪੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ। ਜਲਦ ਹੀ ਸਭ ਆਰੋਪੀਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

