ਨਗਰ ਨਿਗਮ ਬਠਿੰਡਾ ਦੇ ਮੁੱਖ ਗੇਟ 'ਤੇ ਕੱਚੇ ਅਤੇ ਰੈਗੂਲਰ ਕਰਮਚਾਰੀਆਂ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਦੋ ਘੰਟਿਆਂ ਲਈ ਰੋਸ ਧਰਨਾ ਦਿੱਤਾ ਗਿਆ। ਮੁਲਾਜ਼ਮਾਂ ਨੇ ਗੇਟ ਰੈਲੀ ਕਰਦਿਆਂ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ 'ਤੇ ਜਲਦੀ ਕਾਰਵਾਈ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤੀਖਾ ਕੀਤਾ ਜਾਵੇਗਾ। ਮੁੱਖ ਮੰਗਾਂ ਵਿੱਚ ਡੀਏ ਦੀ ਬਕਾਇਆ ਰਾਸੀ ਨੂੰ ਤੁਰੰਤ ਜਾਰੀ ਕਰਨਾ ਅਤੇ ਤਨਖਾਹਾਂ ਵਿੱਚ ਵਾਧਾ ਕਰਨਾ ਸ਼ਾਮਲ ਹੈ।
ਕਰਮਚਾਰੀਆਂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨੇ 2024 ਵਿੱਚ ਇਕ ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਦਰਜਾਚਾਰ ਕਰਮਚਾਰੀਆਂ ਦੀ ਤਨਖਾਹ 18 ਹਜ਼ਾਰ ਅਤੇ ਦਰਜਾਤਿੰਨ ਕਰਮਚਾਰੀਆਂ ਦੀ ਤਨਖਾਹ 25 ਹਜ਼ਾਰ ਕਰਨ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਨਗਰ ਨਿਗਮ ਦੀ ਬੈਠਕ ਵਿੱਚ ਵੀ ਇਹ ਮਤਾ ਪਾਸ ਹੋਇਆ ਸੀ ਕਿ ਮੁਲਾਜ਼ਮਾਂ ਦੀ ਤਨਖਾਹ ਵਧਾਈ ਜਾਵੇ। ਪਰ, ਕਰਮਚਾਰੀਆਂ ਦੇ ਅਨੁਸਾਰ—ਅਜੇ ਤੱਕ ਇਸ ਮਤੇ ਨੂੰ ਲਾਗੂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।
ਧਰਨਾ ਵਿੱਚ ਸ਼ਾਮਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਨੌਕਰੀ ਕਰ ਰਹੀ ਹੈ, ਪਰ ਕਦੇ ਵੀ ਧਰਨੇ ਜਾਂ ਗੇਟ ਰੈਲੀ ਦਾ ਹਿੱਸਾ ਨਹੀਂ ਬਣੀ। ਉਹ ਕਹਿੰਦੀ ਹੈ ਕਿ ਹੁਣ ਹਾਲਾਤ ਐਸੇ ਹੋ ਚੁੱਕੇ ਹਨ ਕਿ ਘੱਟ ਤਨਖਾਹ ਨਾਲ ਜੀਵਨ-ਯਾਪਨ ਮੁਸ਼ਕਲ ਹੋ ਗਿਆ ਹੈ, ਇਸ ਲਈ ਹੱਕਾਂ ਲਈ ਖੜ੍ਹਾ ਹੋਣਾ ਲਾਜ਼ਮੀ ਬਣ ਗਿਆ ਹੈ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਦੋ ਘੰਟਿਆਂ ਦਾ ਰੋਸ ਸਿਰਫ਼ ਚੇਤਾਵਨੀ ਹੈ; ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਵਧਾਇਆ ਜਾਵੇਗਾ।

