ਮੋਗਾ/ਚੰਡੀਗੜ੍ਹ, 19 ਨਵੰਬਰ- 'ਆਪ' ਸਰਕਾਰ ਵਲੋਂ ਮਹਿਲਾ ਉੱਦਮਤਾ ਦਿਵਸ ਦੇ ਮੌਕੇ 'ਤੇ ਪੰਜਾਬ ਭਰ ਵਿੱਚ "ਮਹਿਲਾ ਸਨਮਾਨ ਪ੍ਰੋਗਰਾਮ" ਬਹੁਤ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਗਿਆ। "ਸਸ਼ਕਤ ਔਰਤ, ਮਜ਼ਬੂਤ ਔਰਤ" ਥੀਮ 'ਤੇ ਆਧਾਰਿਤ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਇਨਾਂ ਸਮਾਗਮਾਂ ਵਿੱਚ ਸੈਂਕੜੇ ਮਹਿਲਾ ਉੱਦਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਉੱਦਮਤਾ, ਲੀਡਰਸ਼ਿਪ ਅਤੇ ਸਮਾਜਿਕ ਯੋਗਦਾਨ ਦੇ ਆਪਣੇ ਅਨੁਭਵ ਸਾਂਝੇ ਕੀਤੇ।
ਮੋਗਾ ਵਿਖੇ ਹੋਏ ਇਸ ਸਮਾਗਮ ਵਿੱਚ 'ਆਪ' ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਉਨ੍ਹਾਂ ਨੇ ਸੂਬੇ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ।
ਅਰੋੜਾ ਨੇ ਮਹਿਲਾ ਉੱਦਮੀਆਂ ਨੂੰ ਸਸ਼ਕਤ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਸਾਰੀਆਂ ਔਰਤਾਂ ਨੂੰ ਸਮਰਪਿਤ ਹੈ ਜੋ ਸੀਮਤ ਸਾਧਨਾਂ ਦੇ ਬਾਵਜੂਦ ਆਪਣੇ ਪਰਿਵਾਰਾਂ, ਸਮਾਜ ਅਤੇ ਪੰਜਾਬ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਮਨਦੀਪ ਕੌਰ ਖਾਂਬੇ (ਜ਼ਿਲ੍ਹਾ ਪ੍ਰਧਾਨ), ਲਵਲੀ ਸਿੰਗਲਾ (ਜ਼ਿਲ੍ਹਾ ਸਕੱਤਰ) ਅਤੇ ਸਮੁੱਚੀ ਮਹਿਲਾ ਵਿੰਗ ਮੌਜੂਦ ਸਨ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਆਪ ਆਗੂ ਨੇ ਕਿਹਾ ਕਿ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਇਨ੍ਹਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਸਾਬਤ ਕਰਦੀ ਹੈ ਕਿ ਉਹ ਹਰ ਖੇਤਰ ਵਿੱਚ ਅੱਗੇ ਵਧਣ ਲਈ ਤਿਆਰ ਹਨ। ਇਹ ਸਮਾਗਮ ਸਿਰਫ਼ ਇੱਕ ਸਨਮਾਨ ਨਹੀਂ ਹੈ, ਸਗੋਂ ਹਰ ਔਰਤ ਦੀਆਂ ਪ੍ਰਾਪਤੀਆਂ ਦਾ ਜਸ਼ਨ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕ ਔਰਤਾਂ ਨੂੰ ਸਹੀ ਪਲੇਟਫਾਰਮ ਮਿਲੇ, ਤਾਂ ਉਹ ਸਮਾਜ ਵਿੱਚ ਵੱਡੀ ਤਬਦੀਲੀ ਦੀ ਅਗਵਾਈ ਕਰ ਸਕਦੀਆਂ ਹਨ। ਇਥੇ ਮੌਜੂਦ ਹਰ ਔਰਤ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ, ਭਾਵੇਂ ਉਹ ਉੱਦਮਤਾ ਹੋਵੇ, ਸਿੱਖਿਆ ਹੋਵੇ ਜਾਂ ਸਮਾਜ ਸੇਵਾ। ਪੰਜਾਬ ਸਰਕਾਰ ਮਹਿਲਾ ਸਸ਼ਕਤੀਕਰਨ ਨੂੰ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਜ਼ਮੀਨੀ ਹਕੀਕਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਇਸ ਸਰਕਾਰੀ ਪਹਿਲਕਦਮੀ ਨੂੰ ਸਫਲ ਬਣਾਉਣ ਲਈ ਮੌਜੂਦ ਸਾਰੀਆਂ ਮਹਿਲਾ ਉੱਦਮੀਆਂ ਦਾ ਧੰਨਵਾਦ ਕੀਤਾ।

