HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਤਕਨੀਕ-ਸੰਚਾਲਿਤ ਜਣੇਪਾ ਦੇਖਭਾਲ ਦਾ ਵਿਸਤਾਰ ਕਰੇਗਾ ਪੰਜਾਬ, ਜਣੇਪਾ ਮੌਤ ਦਰ ਨੂੰ ਘਟਾਉਣ ਲਈ ਟੀਚਾ ਕੀਤਾ ਨਿਰਧਾਰਤ

 

ਚੰਡੀਗੜ੍ਹ, 23 ਦਸੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਔਰਤਾਂ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਰਾਜ ਵਿੱਚ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ (ਐਮ.ਐਮ.ਆਰ.) ਨੂੰ ਘਟਾਉਣ ਲਈ ਸਰਕਾਰੀ ਸਿਹਤ ਸਹੂਲਤਾਂ ’ਤੇ ਪ੍ਰਮਾਣਿਤ ਤਕਨਾਲੋਜੀ-ਅਧਾਰਤ ਦਖਲ ਦੇ ਰਾਜ ਵਿਆਪੀ ਵਿਸਥਾਰ ਦਾ ਐਲਾਨ ਕੀਤਾ।


‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਡਾਇਰੈਕਟੋਰੇਟ ਦੇ ਸਹਿਯੋਗ ਨਾਲ ‘ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ (ਐਮ.ਐਮ.ਆਰ.) ਘਟਾਉਣ ਲਈ ਤਕਨੀਕੀ ਦਖਲਅੰਦਾਜ਼ੀ’ ਵਿਸ਼ੇ ’ਤੇ ਕਰਵਾਈ ਰਾਜ ਪੱਧਰੀ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵੱਲੋਂ ਮਾਵਾਂ ਦੀ ਮੌਤ, ਖਾਸ ਕਰਕੇ ਪੋਸਟ –ਪਾਰਟਮ ਹੈਮਰੇਜ(ਪੀ.ਪੀ.ਐਚ.) ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਹਰ ਢੁਕਵੇਂ ਤਕਨੀਕੀ ਹੱਲ ਅਪਣਾਏ ਜਾਣਗੇ। ਪੰਜਾਬ ਵਿੱਚ ਇਸ ਵੇਲੇ ਪ੍ਰਤੀ ਇੱਕ ਲੱਖ ਜੀਵਤ ਜਣੇਪਿਆਂ ਵਿੱਚ 95 ਐਮ.ਐਮ.ਆਰ. ਦਰਜ ਹੈ, ਜਦੋਂ ਕਿ ਰਾਸ਼ਟਰੀ ਔਸਤ 88 ਹੈ।


ਡਾ. ਬਲਬੀਰ ਸਿੰਘ ਨੇ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਪ੍ਰੋਗਰਾਮ ਅਫਸਰਾਂ ਨੂੰ ਮਿਲ ਕੇ ਕੰਮ ਕਰਨ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘‘ਮੈਂ ਸਾਰੇ ਮੈਡੀਕਲ ਅਫਸਰਾਂ ਨੂੰ ਵਧੀਆ ਤੋਂ ਵਧੀਆ ਕਲੀਨਿਕਲ ਅਭਿਆਸ ਅਪਣਾਉਣ ਦੀ ਅਪੀਲ ਕਰਦਾ ਹਾਂ ਤਾਂ ਜੋ ਪੰਜਾਬ ਐਮ.ਐਮ.ਆਰ. ਨੂੰ 70 ਤੱਕ ਘਟਾਉਣ ਦੇ ਸਾਰਥਕ ਵਿਕਾਸ ਟੀਚੇ  ਨੂੰ ਪ੍ਰਾਪਤ ਕਰ ਸਕੇ।’’ ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਗਰਭਵਤੀ ਔਰਤਾਂ ਲਈ ਪੋਸ਼ਣ ਸਬੰਧੀ ਮਾਰਗਦਰਸ਼ਨ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਨੂੰ ਸ਼ੁਰੂਆਤੀ ਪੜਾਅ ਵਿੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।


ਇਹ ਵਰਕਸ਼ਾਪ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੁਆਰਾ ਏਮਜ਼ ਬਠਿੰਡਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਕਰਵਾਈ ਗਈ ਸੀ। ਇੰਜੀਨੀਅਰ ਪ੍ਰਿਤਪਾਲ ਸਿੰਘ, ਕਾਰਜਕਾਰੀ ਨਿਰਦੇਸ਼ਕ (ਪੀਐਸਸੀਐਸਟੀ) ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਪੜਾਅ 1 ਅਤੇ 2 ਵਿੱਚ ਪੰਜਾਬ ਦੇ 12 ਜ਼ਿਲਿ੍ਹਆਂ ਦੇ ਡਿਲੀਵਰੀ ਪੁਆਇੰਟਾਂ ’ਤੇ ਨਾਨ-ਨਿਊਮੈਟਿਕ ਐਂਟੀ-ਸ਼ੌਕ ਗਾਰਮੈਂਟਸ (ਐਨ.ਏ.ਐਸ.ਜੀ.) ਅਤੇ ਯੂਟਰਾਈਨ ਬੈਲੂਨ ਟੈਂਪੋਨੇਡ (ਯੂਬੀਟੀ) ਦੇ ਪਾਇਲਟ ਲਾਗੂਕਰਨ ਸਦਕਾ ਗੰਭੀਰ ਪੀ.ਪੀ.ਐਚ. ਸਥਿਤੀਆਂ ਤੋਂ ਪੀੜਤ 300 ਤੋਂ ਵੱਧ ਮਾਵਾਂ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ, ਜਿਸ ਨਾਲ ਰਾਜ ਭਰ ਵਿੱਚ ਇਹਨਾਂ ਕਾਰਗਰ ਮੈਡੀਕਲ ਉਪਾਵਾਂ ਨੂੰ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ ਹੈ।


ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ, ਡਾ. ਅਦਿਤੀ ਸਲਾਰੀਆ ਨੇ ਖ਼ਤਰੇ ਦੇ ਸੰਕੇਤਾਂ ਦੀ ਜਲਦੀ ਪਛਾਣ, ਮਿਆਰੀ ਰੈਫਰਲ ਪ੍ਰੋਟੋਕੋਲ ਅਤੇ ਸਮੇਂ ਸਿਰ ਇਲਾਜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਿਹਤ ਸੰਭਾਲ ਪੇਸ਼ੇਵਰਾਂ ਖਾਸ ਕਰਕੇ ਗਾਇਨੀਕੋਲੋਜਿਸਟਾਂ ਅਤੇ ਏ.ਐਨ.ਐਮਜ਼. ’ਤੇ ਜ਼ੋਰ ਦਿੱਤਾ ਕਿ ਉਹ ਇਸ ਪਹਿਲਕਦਮੀ ਨੂੰ ਹੋਰ ਧਿਆਨਪੂਰਵਕ  ਅੱਗੇ ਵਧਾਉਣ।


ਪ੍ਰੋਜੈਕਟ ਲੀਡਰ, ਡਾ. ਲੱਜਿਆ ਦੇਵੀ ਗੋਇਲ, ਡੀਨ ਰਿਸਰਚ (ਏਮਜ਼ ਬਠਿੰਡਾ) ਅਤੇ ਡਾ. ਦਪਿੰਦਰ ਕੌਰ ਬਖਸ਼ੀ, ਸੰਯੁਕਤ ਨਿਰਦੇਸ਼ਕ (ਪੀਐਸਸੀਐਸਟੀ) ਨੇ ਜ਼ਿਲ੍ਹਾ ਪੱਧਰੀ  ਲਾਗੂਕਰਨ, ਡਿਲੀਵਰੀ ਪੁਆਇੰਟਾਂ ’ਤੇ ਜੀਵਨ-ਰੱਖਿਅਕ ਯੰਤਰਾਂ ਦੀ ਉਪਲਬਧਤਾ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਹੱਥੀਂ ਸਿਖਲਾਈ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਨਾਲ ਮਾਵਾਂ ਦੀਆਂ ਪੇਚੀਦਗੀਆਂ ਵਿੱਚ ਕਾਫ਼ੀ ਕਮੀ ਆਈ।


ਵਰਕਸ਼ਾਪ ਦੌਰਾਨ, ਡਾ. ਪਰਨੀਤ ਕੌਰ, ਪ੍ਰੋਫੈਸਰ (ਜੀਐਮਸੀ ਪਟਿਆਲਾ) ਅਤੇ ਡਾ. ਪਰਵੀਨ ਰਾਜੌਰਾ, ਪ੍ਰੋਫੈਸਰ (ਜੀਐਮਸੀ ਫਰੀਦਕੋਟ) ਨੇ ਆਪਣੇ-ਆਪਣੇ ਜ਼ਿਲਿ੍ਹਆਂ ਵਿੱਚ ਕਲੀਨਿਕਲ ਨਤੀਜਿਆਂ ਅਤੇ ਖੇਤਰੀ ਪੱਧਰ ਦੇ ਤਜ਼ਰਬਿਆਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਤੋਂ ਇਲਾਵਾ, ਮਾਹਿਰਾਂ ਨੇ ਵਰਕਸ਼ਾਪ ਵਿੱਚ ਮੌਜੂਦ ਸਿਹਤ ਪੇਸ਼ੇਵਰਾਂ ਨੂੰ ਐਨਏਐਸਜੀ ਅਤੇ ਯੂਬੀਟੀ ਬਾਰੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ।


ਹੋਰ ਪਤਵੰਤਿਆਂ ਵਿੱਚ ਡਾ. ਜਸਵਿੰਦਰ ਸਿੰਘ, ਸਿਵਲ ਸਰਜਨ (ਪਟਿਆਲਾ) ਅਤੇ ਡਾ. ਹਰਪ੍ਰੀਤ ਕੌਰ, ਸਹਾਇਕ ਡਾਇਰੈਕਟਰ (ਡੀਐਚਐਫ ਐਂਡ ਡਬਲਯੂ) ਸ਼ਾਮਲ ਹਨ। ਵਰਕਸ਼ਾਪ ਵਿੱਚ ਪੰਜਾਬ ਦੇ ਸਾਰੇ 23 ਜ਼ਿਲਿ੍ਹਆਂ ਦੇ ਡਾਕਟਰਾਂ, ਗਾਇਨੀਕੋਲੋਜਿਸਟਾਂ, ਨਰਸਾਂ ਅਤੇ ਸਿਹਤ ਅਧਿਕਾਰੀਆਂ ਨੇ ਹਿੱਸਾ ਲਿਆ।


Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies