ਜਦੋਂ 26 ਜਨਵਰੀ ਦੀ ਸਵੇਰ ਨੂੰ ਭਾਰਤੀ ਸੈਨਿਕਾਂ ਦੀਆਂ ਟੁਕੜੀਆਂ ਇੱਕਜੁੱਟ ਹੋ ਕੇ ਕਰਤੱਵ ਪੱਥ 'ਤੇ ਮਾਰਚ ਕਰਦੀਆਂ ਹਨ, ਤਾਂ ਉਨ੍ਹਾਂ ਦੇ ਚਮਕਦੇ ਹਥਿਆਰ ਅਤੇ ਫੌਜੀ ਅਨੁਸ਼ਾਸਨ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੰਦਾ ਹੈ। ਪਰ ਇਸ ਸੰਪੂਰਨਤਾ ਦੇ ਪਿੱਛੇ ਮਹੀਨਿਆਂ ਦੀ ਅਣਥੱਕ ਮਿਹਨਤ ਅਤੇ ਅਨੁਸ਼ਾਸਨ ਦੀ ਉਹ ਦਾਸਤਾਨ ਹੈ, ਜਿਸ ਵਿੱਚ ਗਲਤੀ ਦੀ ਗੁੰਜਾਇਸ਼ ਜ਼ੀਰੋ ਹੁੰਦੀ ਹੈ। ਸਾਲ 2026 ਵਿੱਚ ਭਾਰਤ ਆਪਣਾ 77ਵਾਂ ਗਣਤੰਤਰ ਦਿਵਸ ਮਨਾਉਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਹੁਣ ਅੰਤਿਮ ਪੜਾਅ 'ਤੇ ਹਨ।
600 ਘੰਟੇ ਦੀ ਟ੍ਰੇਨਿੰਗ ਅਤੇ 4 ਪੱਧਰੀ ਸੁਰੱਖਿਆ ਜਾਂਚ
ਪਰੇਡ ਵਿੱਚ ਹਿੱਸਾ ਲੈਣ ਵਾਲੇ ਸਿਪਾਹੀਆਂ ਦੀ ਚੋਣ ਅਤੇ ਟ੍ਰੇਨਿੰਗ ਜੁਲਾਈ ਮਹੀਨੇ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਦਸੰਬਰ ਤੱਕ ਦਿੱਲੀ ਪਹੁੰਚਣ ਤੋਂ ਪਹਿਲਾਂ ਹਰ ਜਵਾਨ ਲਗਭਗ 600 ਘੰਟੇ ਦੀ ਸਖ਼ਤ ਟ੍ਰੇਨਿੰਗ ਵਿੱਚੋਂ ਗੁਜ਼ਰਦਾ ਹੈ। ਸੁਰੱਖਿਆ ਪੱਖੋਂ ਇਹ ਜਾਂਚ ਇੰਨੀ ਸਖ਼ਤ ਹੁੰਦੀ ਹੈ ਕਿ ਸੈਨਿਕਾਂ ਨੂੰ ਚਾਰ ਵੱਖ-ਵੱਖ ਸੁਰੱਖਿਆ ਘੇਰਿਆਂ ਵਿੱਚੋਂ ਨਿਕਲਣਾ ਪੈਂਦਾ ਹੈ। ਉਨ੍ਹਾਂ ਦੇ ਹਥਿਆਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਰੇਡ ਦੌਰਾਨ ਕਿਸੇ ਵੀ ਹਥਿਆਰ ਵਿੱਚ ਜਿਉਂਦੀ ਗੋਲੀ (Live Round) ਨਾ ਹੋਵੇ।
21 ਤੋਪਾਂ ਦੀ ਸਲਾਮੀ ਦਾ ਦਿਲਚਸਪ ਸੱਚ
ਗਣਤੰਤਰ ਦਿਵਸ ਦੀ ਪਰੇਡ ਰਾਸ਼ਟਰਪਤੀ ਦੇ ਆਗਮਨ ਅਤੇ ਝੰਡਾ ਲਹਿਰਾਉਣ ਨਾਲ ਸ਼ੁਰੂ ਹੁੰਦੀ ਹੈ। ਇਸ ਦੌਰਾਨ ਦਿੱਤੀ ਜਾਣ ਵਾਲੀ 21 ਤੋਪਾਂ ਦੀ ਸਲਾਮੀ ਬਾਰੇ ਇੱਕ ਦਿਲਚਸਪ ਤੱਥ ਇਹ ਹੈ ਕਿ ਇਹ 21 ਵੱਖ-ਵੱਖ ਤੋਪਾਂ ਨਹੀਂ ਹੁੰਦੀਆਂ। ਫੌਜ ਦੀਆਂ 7 ਤੋਪਾਂ ਰਾਹੀਂ ਤਿੰਨ ਪੜਾਵਾਂ ਵਿੱਚ ਇਹ ਸਲਾਮੀ ਦਿੱਤੀ ਜਾਂਦੀ ਹੈ, ਜੋ ਰਾਸ਼ਟਰੀ ਗੀਤ ਦੀ ਧੁਨ ਦੇ ਨਾਲ ਬਿਲਕੁਲ ਤਾਲਮੇਲ ਵਿੱਚ ਹੁੰਦੀ ਹੈ।
ਸਵੇਰੇ 2 ਵਜੇ ਤੋਂ ਸ਼ੁਰੂ ਹੁੰਦੀ ਹੈ ਡਿਊਟੀ
ਪਰੇਡ ਵਾਲੇ ਦਿਨ ਜਦੋਂ ਪੂਰਾ ਦੇਸ਼ ਸੁੱਤਾ ਹੁੰਦਾ ਹੈ, ਸਿਪਾਹੀ ਸਵੇਰੇ 2 ਵਜੇ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। 3 ਵਜੇ ਤੱਕ ਸਾਰੀਆਂ ਟੁਕੜੀਆਂ ਕਰਤੱਵ ਪੱਥ 'ਤੇ ਪਹੁੰਚ ਜਾਂਦੀਆਂ ਹਨ। ਰਿਹਰਸਲ ਦੌਰਾਨ ਇਹ ਜਵਾਨ ਰੋਜ਼ਾਨਾ ਲਗਭਗ 12 ਕਿਲੋਮੀਟਰ ਪੈਦਲ ਮਾਰਚ ਕਰਦੇ ਹਨ, ਜਦਕਿ ਮੁੱਖ ਦਿਨ ਇਹ ਦੂਰੀ 9 ਕਿਲੋਮੀਟਰ ਹੁੰਦੀ ਹੈ।
ਮਾਪਦੰਡਾਂ 'ਤੇ ਪਰਖਿਆ ਜਾਂਦਾ ਹੈ ਹਰ ਕਦਮ
ਪਰੇਡ ਦੇ ਪੂਰੇ ਰੂਟ 'ਤੇ ਮਾਹਰ ਨਿਰੀਖਕ ਤਾਇਨਾਤ ਹੁੰਦੇ ਹਨ ਜੋ ਲਗਭਗ 200 ਵੱਖ-ਵੱਖ ਮਾਪਦੰਡਾਂ 'ਤੇ ਹਰੇਕ ਟੁਕੜੀ ਦਾ ਮੁਲਾਂਕਣ ਕਰਦੇ ਹਨ। ਝਾਂਕੀਆਂ ਦੀ ਰਫ਼ਤਾਰ ਵੀ 5 ਕਿਲੋਮੀਟਰ ਪ੍ਰਤੀ ਘੰਟਾ ਨਿਸ਼ਚਿਤ ਕੀਤੀ ਜਾਂਦੀ ਹੈ ਤਾਂ ਜੋ ਦਰਸ਼ਕ ਹਰ ਇੱਕ ਕਲਾਕ੍ਰਿਤੀ ਨੂੰ ਚੰਗੀ ਤਰ੍ਹਾਂ ਦੇਖ ਸਕਣ। ਰੱਖਿਆ ਮੰਤਰਾਲੇ ਦੀ ਨਿਗਰਾਨੀ ਹੇਠ ਹੋਣ ਵਾਲਾ ਇਹ ਸਮਾਗਮ ਨਾ ਸਿਰਫ਼ ਫੌਜੀ ਸ਼ਕਤੀ, ਸਗੋਂ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦਾ ਵੀ ਸਭ ਤੋਂ ਵੱਡਾ ਪ੍ਰਦਰਸ਼ਨ ਹੁੰਦਾ ਹੈ।

