ਲੁਧਿਆਣਾ: ਸ਼ਹਿਰ ਦੇ ਪਾਸ਼ ਇਲਾਕੇ ਕਾਲਜ ਰੋਡ ’ਤੇ ਸਥਿਤ ‘MB ਜੈਨ ਜਵੈਲਰਜ਼’ ਵਿੱਚ ਭਰੋਸੇਮੰਦ ਮੁਲਾਜ਼ਮ ਵੱਲੋਂ ਹੀ ਸੰਨ੍ਹ ਲਗਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ੋਅਰੂਮ ਦਾ ਅਕਾਊਂਟੈਂਟ ਰਾਮ ਸ਼ੰਕਰ, ਜੋ ਲੰਬੇ ਸਮੇਂ ਤੋਂ ਮਾਲਕਾਂ ਦਾ ਵਿਸ਼ਵਾਸਪਾਤਰ ਬਣਿਆ ਹੋਇਆ ਸੀ, ਕਰੋੜਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਮੋਟੀ ਨਕਦੀ ਸਮੇਟ ਕੇ ਫਰਾਰ ਹੋ ਗਿਆ ਹੈ। ਪੁਲਿਸ ਨੇ ਸ਼ੋਅਰੂਮ ਮਾਲਕ ਵਿਕਰਮ ਜੈਨ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਤੇਜ਼ ਕਰ ਦਿੱਤੀ ਹੈ।
ਹਿਸਾਬ ਮੰਗਣ 'ਤੇ ਖੁੱਲ੍ਹੀ ਪੋਲ, ਰਾਤੋ-ਰਾਤ ਹੋਇਆ ਗਾਇਬ
ਜਾਣਕਾਰੀ ਅਨੁਸਾਰ, ਰਾਮ ਸ਼ੰਕਰ (ਨਿਵਾਸੀ ਗੋਂਡਾ, ਯੂ.ਪੀ.) ਸ਼ੋਅਰੂਮ ਵਿੱਚ ਸਟਾਕ ਅਤੇ ਵਿਕਰੀ ਦਾ ਸਾਰਾ ਲੇਖਾ-ਜੋਖਾ ਰੱਖਦਾ ਸੀ। ਮਾਲਕ ਵਿਕਰਮ ਜੈਨ ਨੂੰ ਪਿਛਲੇ ਕੁਝ ਦਿਨਾਂ ਤੋਂ ਸਟਾਕ ਵਿੱਚ ਗੜਬੜੀ ਦਾ ਸ਼ੱਕ ਹੋ ਰਿਹਾ ਸੀ। ਜਦੋਂ 22 ਜਨਵਰੀ ਨੂੰ ਉਸ ਕੋਲੋਂ ਰਿਕਾਰਡ ਮੰਗਿਆ ਗਿਆ, ਤਾਂ ਉਸ ਨੇ 'ਅਗਲੀ ਸਵੇਰ' ਸਭ ਸਾਫ਼ ਕਰਨ ਦਾ ਬਹਾਨਾ ਬਣਾਇਆ। ਪਰ ਅਗਲੇ ਦਿਨ ਸ਼ੋਅਰੂਮ ਖੁੱਲ੍ਹਣ ਤੋਂ ਪਹਿਲਾਂ ਹੀ ਰਾਮ ਸ਼ੰਕਰ ਆਪਣਾ ਫ਼ੋਨ ਬੰਦ ਕਰਕੇ ਰਫ਼ੂ-ਚੱਕਰ ਹੋ ਚੁੱਕਾ ਸੀ।
ਕੰਪਿਊਟਰ 'ਚ ਜਾਅਲੀ ਐਂਟਰੀਆਂ ਕਰਕੇ ਪਾਉਂਦਾ ਰਿਹਾ ਪਰਦਾ
ਜਦੋਂ ਸ਼ੋਅਰੂਮ ਮੈਨੇਜਮੈਂਟ ਨੇ ਖੁਦ ਕੰਪਿਊਟਰ ਰਿਕਾਰਡ ਦੀ ਜਾਂਚ ਕੀਤੀ, ਤਾਂ ਵੱਡੇ ਫ਼ਰਜ਼ੀਵਾੜੇ ਦਾ ਖ਼ੁਲਾਸਾ ਹੋਇਆ। ਦੋਸ਼ੀ ਨੇ ਬੜੀ ਚਲਾਕੀ ਨਾਲ ਕਈ ਜਾਅਲੀ ਕੈਸ਼ ਬਿੱਲ ਕੱਟੇ ਹੋਏ ਸਨ। ਕਾਗਜ਼ਾਂ ’ਤੇ ਸਟਾਕ ਨੂੰ ਪੂਰਾ ਦਿਖਾਉਣ ਲਈ ਉਸ ਨੇ ਗਲਤ ਐਂਟਰੀਆਂ ਪਾਈਆਂ ਸਨ, ਜਦਕਿ ਅਸਲ ਵਿੱਚ ਸ਼ੋਅਰੂਮ ਵਿੱਚੋਂ ਭਾਰੀ ਮਾਤਰਾ ਵਿੱਚ ਸੋਨਾ ਗਾਇਬ ਸੀ। ਫਿਜ਼ੀਕਲ ਸਟਾਕ ਚੈੱਕ ਕਰਨ ’ਤੇ ਮਾਲਕਾਂ ਦੇ ਹੋਸ਼ ਉੱਡ ਗਏ ਕਿਉਂਕਿ ਕਰੋੜਾਂ ਦੇ ਗਹਿਣੇ ਗਾਇਬ ਮਿਲੇ।
ਪੁਲਿਸ ਵੱਲੋਂ ਛਾਪੇਮਾਰੀ ਜਾਰੀ
ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੋਸ਼ੀ ਰਾਮ ਸ਼ੰਕਰ ਵਿਰੁੱਧ ਬੀ.ਐਨ.ਐਸ. (BNS) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਸੋਚੀ-ਸਮਝੀ ਅਤੇ ਪਲਾਨਿੰਗ ਨਾਲ ਕੀਤੀ ਗਈ ਧੋਖਾਧੜੀ ਹੈ। ਦੋਸ਼ੀ ਦੇ ਯੂ.ਪੀ. ਸਥਿਤ ਟਿਕਾਣਿਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

