ਅੰਮ੍ਰਿਤਸਰ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਰਚੇ ਦੇ ਸੱਦੇ ’ਤੇ 13 ਜਨਵਰੀ ਲੋਹੜੀ ਮੌਕੇ ਹੋਣ ਵਾਲੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅੱਜ ਅੰਮ੍ਰਿਤਸਰ ਵਾਸੀਆਂ ਨੂੰ ਸੱਦਾ ਦੇਣ ਵਾਸਤੇ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬੱਸ ਅੱਡੇ ਵਿੱਚ ਆਰਟੀਸੀ, ਸਰਕਾਰੀ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਰੋਸ ਮਾਰਚ ਵੀ ਕੱਢਿਆ ਗਿਆ।
ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਬੱਸਾਂ ’ਤੇ ਸਰਕਾਰ ਦੀਆਂ ਕਿਸਾਨ–ਮਜ਼ਦੂਰ ਵਿਰੋਧੀ ਨੀਤੀਆਂ ਸੰਬੰਧੀ ਪੰਫ਼ਲਿਟ ਚਿਪਕਾਏ ਗਏ ਅਤੇ ਲੋਕਾਂ ਨੂੰ ਲੋਹੜੀ ਮੌਕੇ ਇਹ ਕਾਪੀਆਂ ਸਾੜਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਸਿਰਫ਼ ਕਿਸਾਨਾਂ ਨਹੀਂ, ਸਗੋਂ ਸਾਰੇ ਪੰਜਾਬੀਆਂ ਨਾਲ ਜੁੜਿਆ ਵੱਡਾ ਮਸਲਾ ਹੈ। ਮਨਰੇਗਾ ਦੇ ਬਜਟ ਵਿੱਚ 40 ਫੀਸਦੀ ਕਟੌਤੀ ਕਰਕੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਬੀਜ, ਮਾਰਕੀਟ ਅਤੇ ਖੇਤੀ ਖੋਜ ਖੇਤਰ ਵਿੱਚ ਕਾਰਪੋਰੇਟ ਦੀ ਦਾਖ਼ਲਅੰਦਾਜ਼ੀ ਦੇਸ਼ ਦੀ ਖੇਤੀ ਨੂੰ ਤਬਾਹ ਕਰ ਦੇਵੇਗੀ। ਇਸਦੇ ਨਾਲ ਹੀ ਲਾਗੂ ਕੀਤੇ ਚਾਰ ਲੇਬਰ ਕੋਡ ਮਜ਼ਦੂਰਾਂ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ। ਪੰਧੇਰ ਨੇ ਸ਼ਹਿਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਨਲਾਈਨ ਵਪਾਰ ਅਤੇ ਵੱਡੇ ਸ਼ਾਪਿੰਗ ਮਾਲਾਂ ਕਾਰਨ ਛੋਟੀਆਂ ਦੁਕਾਨਾਂ ਖਤਮ ਹੋ ਰਹੀਆਂ ਹਨ, ਇਸ ਲਈ ਸ਼ਹਿਰ ਤੇ ਪਿੰਡ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ।
ਕਾਨੂੰਨ-ਵਿਵਸਥਾ ਦੀ ਮਾੜੀ ਹਾਲਤ, ਨਸ਼ਿਆਂ ਦੀ ਵਧਦੀ ਸਮੱਸਿਆ ਅਤੇ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰ ਨੂੰ ਨਾਕਾਮ ਕਰਾਰ ਦਿੱਤਾ। ਪੰਧੇਰ ਨੇ ਐਲਾਨ ਕੀਤਾ ਕਿ 18 ਜਨਵਰੀ ਨੂੰ ਮੁੱਖ ਮੰਤਰੀ ਦੇ ਮਜੀਠੀਆ ਦੌਰੇ ਦਾ ਵਿਰੋਧ ਕੀਤਾ ਜਾਵੇਗਾ, 21–22 ਜਨਵਰੀ ਨੂੰ ਸਮਾਰਟ ਮੀਟਰ ਬਿਜਲੀ ਘਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ ਅਤੇ 5 ਫਰਵਰੀ ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਰੋਸ ਧਰਨੇ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਸਰਕਾਰਾਂ ਨਾਲ ਮੀਟਿੰਗਾਂ ਦੇ ਬਾਵਜੂਦ ਮੰਗਾਂ ਦਾ ਹੱਲ ਨਹੀਂ ਹੋ ਰਿਹਾ, ਇਸ ਲਈ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਸ਼ੰਭੂ–ਖਨੌੜੀ ਮੋਰਚੇ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ, ਹੜ੍ਹਾਂ ਦਾ ਮੁਆਵਜ਼ਾ, ਪਰਾਲੀ ਦੇ ਕੇਸ ਰੱਦ ਕਰਵਾਉਣਾ ਅਤੇ ਜਖ਼ਮੀਆਂ–ਸ਼ਹੀਦਾਂ ਨੂੰ ਇਨਸਾਫ ਦਿਵਾਉਣਾ ਮੋਰਚੇ ਦੀਆਂ ਮੁੱਖ ਮੰਗਾਂ ਹਨ।

