ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਡਰੋਨ ਅਤੇ ਹੋਰ ਉਡਨ ਯੰਤਰਾਂ ਦੀ ਉਡਾਣ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਰੋਹਿਤ ਗੁਪਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਹਦੂਦ ਵਿੱਚ ਕਿਸੇ ਵੀ ਕਿਸਮ ਦੇ UAV, ਡਰੋਨ, ਰਿਮੋਟਲੀ ਪਾਇਲਟਿਡ ਵਾਹਨ, ਰਿਮੋਟ ਕੰਟਰੋਲਡ ਏਅਰਕ੍ਰਾਫਟ, ਮਾਈਕਰੋ ਲਾਈਟ ਏਅਰਕ੍ਰਾਫਟ, ਪੈਰਾਗਲਾਈਡਰ ਅਤੇ ਹੈਂਗ ਗਲਾਈਡਰ ਨੂੰ ਬਿਨਾਂ ਪਹਿਲਾਂ ਤੋਂ ਪ੍ਰਸ਼ਾਸਨਕ ਮਨਜ਼ੂਰੀ ਦੇ ਉਡਾਉਣਾ ਸਖ਼ਤ ਮਨ੍ਹਾਂ ਹੋਵੇਗਾ।
ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਮਾਨਯੋਗ ਰਾਸ਼ਟਰਪਤੀ ਭਾਰਤ 15 ਅਤੇ 16 ਜਨਵਰੀ 2026 ਨੂੰ ਅੰਮ੍ਰਿਤਸਰ ਅਤੇ ਜਲੰਧਰ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰਾਨ ਰਾਸ਼ਟਰਪਤੀ ਸਮੇਤ ਹੋਰ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ (ਇੰਟੈਲੀਜੈਂਸ), ਪੰਜਾਬ ਵੱਲੋਂ ਮਿਲੀ ਸੁਰੱਖਿਆ ਸੂਚਨਾ ਦੇ ਆਧਾਰ ‘ਤੇ ਪ੍ਰਸ਼ਾਸਨ ਨੇ ਇਹ ਪਾਬੰਦੀ ਲਾਜ਼ਮੀ ਕਰਾਰ ਦਿੱਤੀ ਹੈ।
ਇਹ ਪਾਬੰਦੀ ਸੁਰੱਖਿਆ ਪ੍ਰਬੰਧਾਂ ਦਾ ਹਿੱਸਾ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਰੀ ਹੁਕਮਾਂ ਅਨੁਸਾਰ ਇਹ ਪਾਬੰਦੀ 20 ਜਨਵਰੀ 2025 ਤੱਕ ਲਾਗੂ ਰਹੇਗੀ।

