HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ 'ਤੇ ਮਹਾਰਾਸ਼ਟਰ ਦੇ ਮੰਤਰੀ ਦੀ ਆਮਦ ਨੇ ਭੜਕਾਈ ਸਿਆਸਤ, ਰਾਜਾ ਵੜਿੰਗ ਵੱਲੋਂ ਭਾਜਪਾ 'ਤੇ 'ਦੋਗਲੇਪਣ' ਦੇ ਦੋਸ਼

 

IMG

ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਮਹਾਰਾਸ਼ਟਰ ਦੇ ਜਲ ਸਰੋਤ ਮੰਤਰੀ ਗਿਰੀਸ਼ ਮਹਾਜਨ ਦੀ ਸ਼ਮੂਲੀਅਤ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਹੜਕੰਪ ਮਚਾ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਦੇ ਅਧਿਕਾਰਤ ਨੁਮਾਇੰਦੇ ਵਜੋਂ ਇਸ ਪੰਥਕ ਇਕੱਠ ਵਿੱਚ ਹਾਜ਼ਰ ਹੋਣ ਵਾਲੇ ਉਹ ਪਹਿਲੇ ਮੰਤਰੀ ਬਣ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਹੈਲਪ ਡੈਸਕ ਦੇ ਇੰਚਾਰਜ ਡਾ. ਰਾਮੇਸ਼ਵਰ ਨਾਇਕ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਨਵੇਂ ਸਿਆਸੀ ਘਟਨਾਕ੍ਰਮ ਤੋਂ ਬਾਅਦ ਕਾਂਗਰਸ ਨੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ।


ਸਮਾਗਮ ਦੌਰਾਨ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਨੇ 6 ਜੂਨ ਦੀ ਘਟਨਾ ਨੂੰ ਇਤਿਹਾਸ ਦਾ ਇੱਕ 'ਕਾਲਾ ਦਿਨ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਦੁਖਾਂਤ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਤਤਕਾਲੀਨ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਰਵਉੱਚ ਅਤੇ ਪਵਿੱਤਰ ਧਾਰਮਿਕ ਅਸਥਾਨ 'ਤੇ ਫ਼ੌਜੀ ਕਾਰਵਾਈ ਕਰਵਾ ਕੇ ਹਜ਼ਾਰਾਂ ਬੇਗੁਨਾਹਾਂ ਦੀਆਂ ਜਾਨਾਂ ਲਈਆਂ ਗਈਆਂ, ਜਿਸ ਦਾ ਅਸਹਿ ਦਰਦ ਅੱਜ ਵੀ ਸਿੱਖ ਜਗਤ ਦੇ ਹਿਰਦਿਆਂ ਵਿੱਚ ਤਾਜ਼ਾ ਹੈ।


ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਨਾਂ ਲੈਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜ਼ਬਰਦਸਤੀ ਫ਼ੌਜ ਨੂੰ ਪੰਜਾਬ ਭੇਜ ਕੇ ਪਵਿੱਤਰ ਅਸਥਾਨ 'ਤੇ ਹਮਲਾ ਕਰਵਾਇਆ ਗਿਆ, ਜਿਸ ਵਿੱਚ ਹਜ਼ਾਰਾਂ ਭੈਣ-ਭਰਾ ਸ਼ਹੀਦ ਹੋ ਗਏ ਅਤੇ ਅਣਗਿਣਤ ਪਰਿਵਾਰ ਤਬਾਹ ਹੋ ਗਏ।


ਦੂਜੇ ਪਾਸੇ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਪੂਰੇ ਘਟਨਾਕ੍ਰਮ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਇਸ ਨੂੰ ਨਿਰੋਲ ਮੌਕਾਪ੍ਰਸਤੀ ਦੀ ਰਾਜਨੀਤੀ ਦੱਸਿਆ। ਵੜਿੰਗ ਨੇ ਕਿਹਾ ਕਿ ਜੋ ਪਾਰਟੀ ਆਪਣੇ ਵਿਰੋਧੀਆਂ ਨੂੰ 'ਰਾਸ਼ਟਰ-ਵਿਰੋਧੀ' ਹੋਣ ਦੇ ਸਰਟੀਫਿਕੇਟ ਵੰਡਦੀ ਫਿਰਦੀ ਹੈ, ਉਸ ਦਾ ਇਹ ਕਦਮ ਪਾਰਟੀ ਦੇ ਦੋਗਲੇਪਣ ਅਤੇ ਪਖੰਡ ਨੂੰ ਸਾਫ਼ ਉਜਾਗਰ ਕਰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਿਰਫ਼ ਚੋਣ ਲਾਹਾ ਲੈਣ ਲਈ ਅਜਿਹਾ ਰਾਸ਼ਟਰਵਾਦ ਦਾ ਡਰਾਮਾ ਕਰ ਰਹੀ ਹੈ।


ਕਾਂਗਰਸ ਪ੍ਰਧਾਨ ਨੇ ਭਾਜਪਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਨੇ ਅੱਤਵਾਦ ਅਤੇ ਹਿੰਸਾ ਦੇ ਕਾਲੇ ਦੌਰ ਵਿੱਚ ਹਜ਼ਾਰਾਂ ਕੀਮਤੀ ਜਾਨਾਂ ਗੁਆਈਆਂ ਹਨ ਅਤੇ ਇੱਥੋਂ ਦੇ ਸੂਝਵਾਨ ਲੋਕ ਵੰਡ ਤੇ ਫਿਰਕੂ ਸਿਆਸਤ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ। ਉਨ੍ਹਾਂ ਸਿਆਸੀ ਲਾਭ ਲਈ ਪੁਰਾਣੇ ਜ਼ਖ਼ਮਾਂ ਨੂੰ ਦੁਬਾਰਾ ਕੁਰੇਦਣ ਦੀ ਕੋਸ਼ਿਸ਼ ਵਿਰੁੱਧ ਵੀ ਤਾੜਨਾ ਕੀਤੀ।


ਆਪਣੀ ਪਾਰਟੀ ਦਾ ਪੱਖ ਰੱਖਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਬਹਾਲ ਰੱਖਣ ਲਈ ਸਭ ਤੋਂ ਵੱਡੀ ਕੀਮਤ ਕਾਂਗਰਸ ਨੇ ਚੁਕਾਈ ਹੈ, ਜਿਸ ਦੌਰਾਨ ਪਾਰਟੀ ਨੇ ਦੇਸ਼ ਦੇ ਇੱਕ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਇੱਕ ਮੁੱਖ ਮੰਤਰੀ ਨੂੰ ਗੁਆ ਦਿੱਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬੇ ਦੇ ਲੋਕ ਸਮਾਜ ਵਿੱਚ ਨਫ਼ਰਤ ਅਤੇ ਵੰਡੀਆਂ ਪਾਉਣ ਵਾਲੀ ਕਿਸੇ ਵੀ ਸੋਚ ਨੂੰ ਕਦੇ ਬਰਦਾਸ਼ ਨਹੀਂ ਕਰਨਗੇ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies