HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Punjab: ਯੂਕੇ ’ਚ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਨੂੰ ਸਮਰਪਿਤ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਸ਼ਮੂਲੀਅਤ

 

Punjab: ਯੂਕੇ ’ਚ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਨੂੰ ਸਮਰਪਿਤ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਸ਼ਮੂਲੀਅਤ

– ਸਿੱਖ ਪੰਜਾਬ ਨਾਲ ਆਪਣਾ ਨਾਤਾ ਬਣਾਈ ਰੱਖਣ ਅਤੇ ਆਪਸੀ ਮਤਭੇਦਾਂ ਤੋਂ ਉੱਪਰ ਉੱਠਣ: ਜਥੇਦਾਰ ਗੜਗੱਜ
– ਸਿੱਖਾਂ ਨੂੰ ਵਿਰਾਸਤ ਦੀ ਸੰਭਾਲ ਅਤੇ ਪੰਜਾਬ ਨਾਲ ਆਪਣੀਆਂ ਜੜ੍ਹਾਂ ਮਜ਼ਬੂਤ ਰੱਖਣ ਦਾ ਦਿੱਤਾ ਸੱਦਾ

ਚੰਡੀਗੜ੍ਹ, 1 ਨਵੰਬਰ  -  ਯੂਕੇ ਦੇ ਸਿੱਖ ਨੌਜਵਾਨਾਂ ਅਤੇ ਸੰਗਤ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿੱਚ ਥੈਟਫੋਰਡ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਿੰਘ ਸਾਹਿਬ ਪਹਿਲਾਂ ਸਿੱਖ ਸੰਗਤ ਨਾਲ ਥੈਟਫੋਰਡ ਸ਼ਹਿਰ ਵਿੱਚ ਸਥਿਤ ਮਹਾਰਾਜਾ ਦਲੀਪ ਸਿੰਘ ਦੀ ਉਸ ਯਾਦਗਾਰ ਵਿਖੇ ਗਏ ਜਿੱਥੇ ਉਨ੍ਹਾਂ ਦਾ ਬੁੱਤ ਸਥਾਪਤ ਹੈ ਅਤੇ ਨਾਲ ਹੀ ਉਹ ਕੁਝ ਦੂਰੀ ਉੱਤੇ ਸਥਿਤ ਉਸ ‘ਪੁਰਾਤਨ ਘਰ – ਥੈਟਫੋਰਡ ਜੀਵਨ ਦਾ ਅਜਾਇਬ ਘਰ’ ਵਿਖੇ ਵੀ ਗਏ ਜਿਸ ਨੂੰ ਮਹਾਰਾਜਾ ਦੇ ਪੁੱਤਰ ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ ਨੇ ਸੰਨ 1921 ਵਿੱਚ ਥੈਟਫੋਰਡ ਸ਼ਹਿਰ ਨੂੰ ਅਜਾਇਬ ਘਰ ਵਜੋਂ ਵਰਤਣ ਲਈ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਹ ਪੁਰਾਤਨ ਘਰ ਸਿੱਖ ਗੁਰੂ ਸਾਹਿਬਾਨ ਦੇ ਸਮਕਾਲੀ ਸਮੇਂ ਸੰਨ 1490 ਦਾ ਬਣਿਆ ਹੈ ਜਿਸ ਨੂੰ ਉਸ ਸਮੇਂ ਇੱਕ ਵਪਾਰੀ ਵੱਲੋਂ ਬਣਾਇਆ ਗਿਆ ਸੀ ਅਤੇ ਬਾਅਦ ਵੀ ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ ਨੇ ਇਹ ਘਰ ਖ਼ਰੀਦਿਆ ਸੀ, ਜਿਸ ਦੀ ਅੱਜ ਵੀ ਹੂਬਹੂ ਪੁਰਾਤਨਤਾ ਕਾਇਮ ਹੈ ਜੋ ਕਿ ਸ਼ਲਾਘਾਯੋਗ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਥੈਟਫੋਰਡ ਪੁਰਾਤਨ ਘਰ ਅਜਾਇਬ ਘਰ ਵਿਖੇ ਮਹਾਰਾਜਾ ਦਲੀਪ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪੰਜ ਪੁੱਤਰਾਂ ਅਤੇ ਤਿੰਨ ਧੀਆਂ ਨਾਲ ਸਬੰਧਤ ਨਿਸ਼ਾਨੀਆਂ ਵੀ ਦੇਖੀਆਂ, ਜਿਨ੍ਹਾਂ ਨੂੰ ਯੂਕੇ ਜੰਮਪਲ ਸਿੱਖ ਸ. ਭੁਪਿੰਦਰ ਸਿੰਘ ਬੈਂਸ (ਪੀਟਰ ਬੈਂਸ) ਨੇ ਮਹਾਰਾਜਾ ਨਾਲ ਜੁੜੇ ਰਹੇ ਵੱਖ-ਵੱਖ ਪਰਿਵਾਰਾਂ ਪਾਸੋਂ ਇਕੱਤਰ ਕਰਕੇ ਇਸ ਘਰ ਵਿੱਚ ਸੁਰੱਖਿਅਤ ਸੰਭਾਲਿਆ ਹੈ।

ਇਸ ਤੋਂ ਬਾਅਦ ਸਿੰਘ ਸਾਹਿਬ ਥੈਟਫੋਰਡ ਨੇੜੇ ਹੀ ਐਲਵੇਡਨ ਵਿਖੇ ਸਥਿਤ ਉਸ ਅਸਥਾਨ ਉੱਤੇ ਗਏ ਜਿੱਥੇ ਮਹਾਰਾਜਾ ਦਲੀਪ ਸਿੰਘ, ਉਨ੍ਹਾਂ ਦੀ ਪਤਨੀ ਮਹਾਰਾਣੀ ਬੰਬਾ ਦਲੀਪ ਸਿੰਘ ਤੇ ਸਭ ਤੋਂ ਛੋਟਾ ਪੁੱਤਰ ਪ੍ਰਿੰਸ ਐਡਵਰਡ ਐਲਬਰਟ ਦਲੀਪ ਸਿੰਘ ਨੂੰ ਦਫ਼ਨਾਇਆ ਹੋਇਆ ਹੈ।

ਇਸ ਮੌਕੇ ਸਿੱਖ ਨੌਜਵਾਨ ਕਵੀਸ਼ਰਾਂ ਦੇ ਜਥੇ (ਸ. ਤਰਨਦੀਪ ਸਿੰਘ, ਸ. ਸਿਮਰਦੀਪ ਸਿੰਘ ਅਤੇ ਸ. ਅਮਰਿੰਦਰ ਸਿੰਘ) ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਨਾਲ ਸਬੰਧਤ ਕਵਿਤਾ ਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਕਾਫ਼ੀ ਗਿਣਤੀ ਵਿੱਚ ਸੰਗਤ ਪੁੱਜੀ। ਸਮਾਗਮ ਮੌਕੇ ਕੁਝ ਪ੍ਰਮੁੱਖ ਸਿੱਖ ਸਖ਼ਸ਼ੀਅਤਾਂ ਤੇ ਲੂਟਨ ਕੌਂਸਲ ਦੇ ਮੇਅਰ ਸ੍ਰੀ ਜਾਵੇਦ ਹੁਸੈਨ ਨੇ ਸੰਬੋਧਨ ਕਰਦਿਆਂ ਪੁੱਜੀਆਂ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ ਅਤੇ ਮਹਾਰਾਜਾ ਨੂੰ ਸਤਿਕਾਰ ਭੇਟ ਕੀਤਾ।

ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਮਹਾਰਾਜ ਦਲੀਪ ਸਿੰਘ ਖ਼ਾਲਸਾ ਪੰਥ ਤੇ ਪੰਜਾਬ ਦਾ ਦਰਦ ਅਤੇ ਚੜ੍ਹਦੀ ਕਲਾ ਲੋਚਦੇ ਸੰਨ 1893 ਵਿੱਚ ਵਿਦੇਸ਼ੀ ਧਰਤੀ (ਪੈਰਿਸ, ਫਰਾਂਸ) ਉੱਤੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਿੱਖੀ ਅਤੇ ਪੰਜਾਬ ਪ੍ਰਤੀ ਪਿਆਰ ਅਤੇ ਸਿੱਖੀ ਵਿੱਚ ਵਾਪਸ ਆਉਣਾ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਆਪਣੀਆਂ ਸਿੱਖੀ ਰਵਾਇਤਾਂ ਤੇ ਧਰਤ ਪੰਜਾਬ ਨਾਲ ਹਮੇਸ਼ਾ ਜੁੜੇ ਰਹਿਣਾ ਹੈ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਕਾਰਜ ਕਰਨਾ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਹਾਰਾਣੀ ਜਿੰਦ ਕੌਰ ਨੇ ਧਰਮੀ ਮਾਂ ਦਾ ਫਰਜ਼ ਨਿਭਾਉਂਦਿਆਂ ਮਹਾਰਾਜਾ ਦਲੀਪ ਸਿੰਘ ਨੂੰ ਪ੍ਰੇਰਣਾ ਕਰਕੇ ਜਿੱਥੇ ਸਿੱਖੀ ਵਿੱਚ ਵਾਪਸ ਲਿਆਉਣ ਦਾ ਕਾਰਜ ਕੀਤਾ ਉੱਥੇ ਹੀ ਪੰਜਾਬ ਅੰਦਰ ਸਿੱਖ ਰਾਜ ਵਾਸਤੇ ਜੱਦੋ ਜਹਿਦ ਕਰਨ ਲਈ ਵੀ ਤਕੜਾ ਕੀਤਾ। ਮਹਾਰਾਣੀ ਜਿੰਦ ਕੌਰ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਜਿਨ੍ਹਾਂ ਨੇ ਔਖੇ ਹਾਲਾਤ ਵਿੱਚ ਵੀ ਆਪਣੇ ਪੁੱਤਰ ਨੂੰ ਵਾਪਸ ਸਿੱਖੀ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਦ ਦੀ ਚੀਸ ਹਰ ਪੰਜਾਬੀ ਦੇ ਦਿਲ ਵਿੱਚ ਹਮੇਸ਼ਾ ਰਹੇਗੀ। ਸਾਨੂੰ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਨੂੰ ਚੜ੍ਹਦੀ ਕਲਾ ਅਤੇ ਵੱਡੇ ਪੱਧਰ ਉੱਤੇ ਯਾਦ ਕਰਨਾ ਚਾਹੀਦਾ ਹੈ। ਕੁਝ ਸਿੱਖ ਵਿਰੋਧੀ ਤੇ ਸ਼ਰਾਰਤੀ ਲਿਖਾਰੀਆਂ ਨੇ ਆਪਣੀਆਂ ਲਿਖਤਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਅਕਸ ਤੇ ਸਤਿਕਾਰ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਵੀ ਕੀਤੀ ਜਾ ਰਹੀ ਹੈ, ਪਰ ਉਹ ਸਫ਼ਲ ਨਹੀਂ ਹੋ ਪਾਉਣਗੇ ਕਿਉਂਕਿ ਮਹਾਰਾਜਾ ਦਾ ਰਾਜ ਭਾਗ ਗੁਰਮਤਿ ਅਨੁਸਾਰੀ, ਬਹੁਤ ਹੀ ਨਿਆਂਪੂਰਨ, ਸਾਰਿਆਂ ਲਈ ਬਰਾਬਰੀ ਅਤੇ ਆਦਰਸ਼ ਵਾਲਾ ਸੀ। ਉਨ੍ਹਾਂ ਪੰਥਕ ਲਿਖਾਰੀਆਂ ਤੇ ਵਿਦਵਾਨਾਂ ਨੂੰ ਸੁਨੇਹਾ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਨਾਲ ਸਬੰਧਤ ਸੱਚੇ ਤੇ ਸਿੱਖੀ ਸੋਚ ਵਾਲੇ ਬਿਰਤਾਂਤ ਨੂੰ ਵਿਸ਼ਵ ਪੱਧਰ ਉੱਤੇ ਤਕੜਾ ਕਰਨ ਅਤੇ ਉਭਾਰਨ ਲਈ ਵਿਸ਼ੇਸ਼ ਉਪਰਾਲੇ ਤੇ ਕਾਰਜ ਕੀਤੇ ਜਾਣ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਸੀਂ ਕਦੇ ਵੀ ਪੱਕੇ ਤੌਰ ਉੱਤੇ ਪੰਜਾਬ ਨੂੰ ਨਹੀਂ ਛੱਡਣਾ ਕਿਉਂਕਿ ਇਹ ਧਰਤੀ ਸਾਡੀ ਵਿਰਾਸਤ ਤੇ ਜਨਮ ਭੂਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂ ਸਾਹਿਬਾਨ ਦੇ ਨਾਮ ਉੱਤੇ ਜਿਉਂਦੀ ਹੈ ਜਿੱਥੋਂ ਗੁਰਮਤਿ ਦਾ ਫ਼ਲਸਫ਼ਾ ਦੁਨੀਆ ਅੰਦਰ ਫੈਲਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਬਾਹਰ ਵਿਦੇਸ਼ਾਂ ਵਿੱਚ ਪੱਕੇ ਤੌਰ ਉੱਤੇ ਵੱਸਣ ਦਾ ਰੁਝਾਨ ਠੀਕ ਨਹੀਂ, ਇਸ ਦੇ ਭਵਿੱਖੀ ਨਤੀਜੇ ਸਾਡੇ ਲਈ ਬਹੁਤ ਗੰਭੀਰ ਹੋਣਗੇ। ਉਨ੍ਹਾਂ ਕਿਹਾ ਕਿ ਕਿਰਤ ਕਰਨ ਲਈ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਈਏ ਪਰ ਆਪਣੀ ਜੜ੍ਹ ਪੰਜਾਬ ਨਾਲੋਂ ਕਦੇ ਨਾ ਟੁੱਟੀਏ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਵਾਪਸ ਸਿੱਖੀ ਵਿੱਚ ਆਏ ਕਿਉਂਕਿ ਉਨ੍ਹਾਂ ਦੇ ਅੰਦਰ ਸਿੱਖੀ ਭਾਵਨਾ ਸੀ, ਇਸ ਤੋਂ ਸਾਨੂੰ ਪ੍ਰੇਰਣਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਸਾਡੇ ਨੌਜਵਾਨ ਵੀ ਜ਼ਰੂਰ ਸਿੱਖੀ ਵਿੱਚ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਸਿੱਖਾਂ ਵਿਰੁੱਧ ਚਲਾਏ ਜਾਂਦੇ ਨਫ਼ਰਤੀ ਬਿਰਤਾਂਤਾਂ ਨੂੰ ਸਮਝਣਾ ਹੈ ਅਤੇ ਇਨ੍ਹਾਂ ਦਾ ਕਰੜਾ ਜਵਾਬ ਦੇਣਾ ਹੈ।

ਉਨ੍ਹਾਂ ਕਿਹਾ ਕਿ ਅੱਜ ਸਿੱਖ ਛੋਟੀਆਂ-ਛੋਟੀਆਂ ਗੱਲਾਂ ਦੇ ਕਾਰਨ ਆਪਸ ਵਿੱਚ ਝਗੜਦੇ ਹਨ ਜਦਕਿ ਅਸੀਂ ਵੱਡੇ ਕੌਮੀ ਮਸਲੇ ਵਿਸਾਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਸੀ ਲੜਾਈਆਂ ਤੇ ਮਤਭੇਦ ਛੱਡ ਕੇ ਪੰਥ ਦੇ ਵੱਡੇ ਹਿਤਾਂ ਅਤੇ ਗੁਰੂ ਸਾਹਿਬਾਨ ਦੇ ਸੰਕਲਪ ਲਈ ਇਕਜੁੱਟਤਾ ਨਾਲ ਕਾਰਜ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ ਅਤੇ ਥੈਟਫੋਰਡ ਵਿਖੇ ਸਥਿਤ ਮਹਾਰਾਜਾ ਦਲੀਪ ਸਿੰਘ ਦੇ ਬੁੱਤ ਅਤੇ ਉਸਦੇ ਦੇ ਆਲੇ ਦੁਆਲੇ ਦੀ ਕੁਝ ਹੋਰ ਸਾਂਭ-ਸੰਭਾਲ ਤੇ ਬਿਹਤਰੀ ਦੀ ਲੋੜ ਹੈ ਜਿਸ ਲਈ ਯੂਕੇ ਦੀਆਂ ਸਿੱਖ ਸੰਸਥਾਵਾਂ ਅੱਗੇ ਆ ਕੇ ਸਾਂਝਾ ਉਪਰਾਲਾ ਕਰਨ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies