ਜਗਰਾਉਂ : ਥਾਣਾ ਸਿਟੀ ਅਧੀਨ ਪੈਂਦੇ ਬੱਸ ਸਟੈਂਡ ਥਾਣਾ ਦੀ ਪੁਲੀਸ ਨੇ 2 ਵੱਖ-ਵੱਖ ਮਾਮਲਿਆਂ ਵਿੱਚ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 90 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਚੰਦ ਸਿੰਘ, ਰਵੀਸ਼ੇਰ ਅਤੇ ਗੁਰਤੇਜ ਸਿੰਘ ਵਜੋਂ ਹੋਈ ਹੈ।
ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਚੌਕੀ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਜ਼ਿਲਾ ਤਰਨਤਾਰਨ ਦੇ ਰਹਿਣ ਵਾਲੇ ਹਰਚਰਨ ਸਿੰਘ ਅਤੇ ਰਵੀਸ਼ੇਰ ਇਕ ਗੱਡੀ 'ਚ ਲੁਧਿਆਣਾ ਜਾ ਰਹੇ ਹਨ। ਸੂਚਨਾ ਦੇ ਆਧਾਰ 'ਤੇ ਟੀ ਪੁਆਇੰਟ ਮਲਕ ਚੌਕ 'ਤੇ ਨਾਕਾਬੰਦੀ ਦੌਰਾਨ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ 'ਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ।
ਦੂਜੇ ਮਾਮਲੇ 'ਚ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਰਾਜਾ ਢਾਬੇ ਨੇੜੇ ਨਾਕਾਬੰਦੀ ਦੌਰਾਨ ਪੁਲਸ ਨੇ ਲੁਧਿਆਣਾ ਵੱਲੋਂ ਆ ਰਹੀ ਇਕ ਸਵਿਫਟ ਕਾਰ ਨੂੰ ਰੋਕ ਕੇ ਕਾਰ ਚਾਲਕ ਤੋਂ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਗੁਰਤੇਜ ਦੱਸਿਆ। ਜਦੋਂ ਪੁਲੀਸ ਨੇ ਉਸ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।