ਲੁਧਿਆਣਾ : ਅੱਜ ਥਾਣਾ ਜੋਧੇਵਾਲ ਅਧੀਨ ਪੈਂਦੀ ਏਕਜੋਤ ਨਗਰ ਕਲੋਨੀ 'ਚ ਪਤੀ ਵਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਉੱਤਰੀ ਜੈਯਤ ਪੁਰੀ ਅਤੇ ਥਾਣਾ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਏਕਜੋਤ ਨਗਰ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ 25 ਸਾਲਾ ਅਸ਼ੰਕਾ ਵਜੋਂ ਹੋਈ ਹੈ, ਜਦਕਿ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਪਛਾਣ ਮੁੰਨਾ (23) ਵਾਸੀ ਨੁਤਰਾ ਜਮਰੂਦੀਨ, ਸੀਤਾ ਮਈ ਵਾਸੀ ਬਿਹਾਰ ਹਾਲ ਵਾਸੀ ਏਕਜੋਤ ਨਗਰ ਵਜੋਂ ਹੋਈ ਹੈ।
ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਆਸ਼ਮਾ ਅਤੇ ਮੁੰਨਾ ਦਾ ਪ੍ਰੇਮ ਵਿਆਹ 5 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਢਾਈ ਸਾਲ ਦਾ ਲੜਕਾ ਅਤੇ 9 ਮਹੀਨੇ ਦੀ ਲੜਕੀ ਹੈ। ਦੋਸ਼ੀ ਮੁੰਨਾ ਆਪਣੀ ਪਤਨੀ ਆਸ਼ਮਾ 'ਤੇ ਸ਼ੱਕ ਕਰਦਾ ਸੀ ਕਿ ਉਸ ਦਾ ਕਿਸੇ ਬਾਹਰੀ ਵਿਅਕਤੀ ਨਾਲ ਅਫੇਅਰ ਹੈ, ਜਿਸ ਕਾਰਨ ਉਹ ਆਪਣੀ ਪਤਨੀ ਨਾਲ ਲੜਾਈ-ਝਗੜਾ ਕਰਦਾ ਸੀ। ਅੱਜ ਸਵੇਰੇ ਵੀ ਮੁੰਨਾ ਆਸ਼ਮਾ ਦੀ ਆਪਸ ਵਿੱਚ ਲੜਾਈ ਹੋ ਗਈ ਅਤੇ ਇਸ ਦੌਰਾਨ ਮੁੰਨਾ ਨੇ ਘਰ ਵਿੱਚ ਸਬਜ਼ੀ ਕੱਟਣ ਵਾਲੀ ਚਾਕੂ ਨਾਲ ਆਸ਼ਮਾ 'ਤੇ ਹਮਲਾ ਕਰ ਦਿੱਤਾ ਅਤੇ ਚਾਕੂ ਸਿੱਧਾ ਉਸ ਦੇ ਪੇਟ ਵਿੱਚ ਵੱਜਿਆ ਅਤੇ ਇਸ ਦੌਰਾਨ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਥਾਣਾ ਇੰਚਾਰਜ ਨੇ ਦੱਸਿਆ ਕਿ ਕਤਲ ਤੋਂ ਬਾਅਦ ਮੁਲਜ਼ਮ ਮੁੰਨਾ ਉਥੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਮ੍ਰਿਤਕ ਆਸ਼ਮਾ ਦਾ ਭਰਾ ਮੁਹੰਮਦ ਸ਼ੋਏਬ ਅਖਤਰ ਘਰ ਆਇਆ ਅਤੇ ਆਪਣੀ ਭੈਣ ਆਸ਼ਮਾ ਨੂੰ ਜ਼ਮੀਨ 'ਤੇ ਮਰਿਆ ਹੋਇਆ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ