ਜਲੰਧਰ : ਲੋਹੀਆਂ ਖਾਸ 'ਚ ਤੇਲ ਟੈਂਕਰ ਦਾ ਟਾਇਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡੀਜ਼ਲ ਅਤੇ ਪੈਟਰੋਲ ਤੇਲ ਟੈਂਕਰ ਨੰਬਰ (ਪੀਬੀ 08 ਈਐਸ 6063) ਜੋ ਕਿ ਸਵੇਰੇ 4 ਵਜੇ ਬਠਿੰਡਾ ਤੋਂ ਕਪੂਰਥਲਾ ਜਾ ਰਿਹਾ ਸੀ ਤਾਂ ਗਿੱਦੜ ਪਿੰਡੀ ਟੋਲ ਪਲਾਜ਼ਾ ਨੇੜੇ ਪਿੰਡ ਲਾਲੂ ਵਾਲਾ ਕੋਲ ਤੇਲ ਟੈਂਕਰ ਦਾ ਅਗਲਾ ਟਾਇਰ ਫਟ ਗਿਆ। ਇਸ ਦੌਰਾਨ ਡਰਾਈਵਰ ਵੱਲੋਂ ਡੂੰਘੇ ਟੋਏ ਤੋਂ ਬਚਾਅ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਟੈਂਕਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਅਤੇ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਟੈਂਕਰ ਨੂੰ ਅੱਗ ਲੱਗ ਗਈ।ਟੈਂਕਰ ਵਿੱਚ ਸਵਾਰ ਡਰਾਈਵਰ ਜਸਕਰਨ ਸਿੰਘ ਅਤੇ ਸੁਰਜੀਤ ਸਿੰਘ ਟੈਂਕਰ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲੇ। ਜ਼ੀਰਾ ਅਤੇ ਸ਼ਾਹਕੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਿੰਡ ਲਾਲੂਵਾਲਾ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਲਾਲੂਵਾਲਾ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ਤੋਂ ਬਾਹਰ ਹੋਣ ਕਾਰਨ ਟੈਂਕਰ ਦਾ ਕਾਫੀ ਨੁਕਸਾਨ ਹੋ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।