ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਜਾ ਰਹੇ ਹਨ। ਸੀ.ਐਮ. ਮਾਨ ਮੰਗਲਵਾਰ ਯਾਨੀ 30 ਅਪ੍ਰੈਲ ਨੂੰ ਤਿਹਾੜ ਜੇਲ 'ਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਇਹ ਜਾਣਕਾਰੀ ਸੀ.ਐਮ. ਮਾਨ ਨੇ ਬਰਨਾਲਾ ਵਿਖੇ ਰੈਲੀ ਦੌਰਾਨ ਦਿੱਤੀ। ਜ਼ਿਕਰਯੋਗ ਹੈ ਕਿ ਸੀ.ਐਮ. ਮਾਨ ਅੱਜ ਬਰਨਾਲਾ ਵਿਖੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਸਨ।
ਬਰਨਾਲਾ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਹੁਣੇ ਹੀ ਡੀਜੀਪੀ ਪੰਜਾਬ ਦਾ ਫ਼ੋਨ ਆਇਆ ਹੈ ਕਿ ਉਨ੍ਹਾਂ ਨੂੰ 30 ਅਪ੍ਰੈਲ ਨੂੰ ਦੁਪਹਿਰ 12.30 ਵਜੇ ਦੇ ਕਰੀਬ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਸੀ.ਐਮ. ਮਾਨ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਮੈਂ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਿਆ ਸੀ ਤਾਂ ਉਨ੍ਹਾਂ ਮੈਨੂੰ ਪੁੱਛਿਆ ਸੀ ਕਿ ਸੰਗਰੂਰ ਦਾ ਕੀ ਹਾਲ ਹੈ, ਹੁਣ ਮੈਂ ਜਾ ਕੇ ਦੱਸਾਂਗਾ ਕਿ ਸੰਗਰੂਰ ਦਾ ਕੀ ਹਾਲ ਹੈ। ਜਦੋਂ ਵੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਰੈਲੀ ਕਰਨੀ ਹੁੰਦੀ ਸੀ ਤਾਂ ਉਹ ਸੰਗਰੂਰ ਵਿੱਚ ਪ੍ਰੋਗਰਾਮ ਕਰਨ ਦੀ ਗੱਲ ਕਰਦੇ ਸਨ।
ਇਸ ਮੌਕੇ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ 'ਚ ਪੰਜਾਬ 13-0 ਨਾਲ ਜਿੱਤਦਾ ਹੈ ਤਾਂ ਪੰਜਾਬ ਨੰਬਰ ਵਨ ਸੂਬਾ ਬਣ ਜਾਵੇਗਾ। ਆਮ ਆਦਮੀ ਪਾਰਟੀ ਤੋਂ ਬਿਨਾਂ ਕੇਂਦਰ ਸਰਕਾਰ ਨਹੀਂ ਬਣੇਗੀ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ 'ਚ ਲਿਆਂਦਾ ਗਿਆ ਹੈ, ਪਰ ਉਸ ਦੀ ਸੋਚ ਨੂੰ ਨਹੀਂ ਲਿਆਂਦਾ ਜਾ ਸਕਦਾ।