ਅੰਮ੍ਰਿਤਸਰ : ਪਾਕਿਸਤਾਨ ਤੋਂ ਸਰਹੱਦ 'ਤੇ ਡਰੋਨਾਂ ਰਾਹੀਂ ਘੁਸਪੈਠ ਜਾਰੀ ਹੈ। ਹਰ ਰੋਜ਼ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵੱਲੋਂ ਕਈ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ ਗਈ ਹੈ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਬੀ.ਐਸ.ਐਫ. ਨੇ ਇੱਕੋ ਦਿਨ 'ਚ 2 ਪਾਕਿਸਤਾਨੀ ਡਰੋਨ ਜ਼ਬਤ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸੂਚਨਾ ਦੇ ਆਧਾਰ 'ਤੇ ਬੀ.ਐੱਸ.ਐੱਫ ਅੰਮ੍ਰਿਤਸਰ ਸੈਕਟਰ ਅਤੇ ਪੰਜਾਬ ਪੁਲਸ ਦੀ ਟੀਮ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਸਰਹੱਦੀ ਪਿੰਡ ਹਰਦੋ ਰਤਨ ਅਤੇ ਗੋਦੀ ਦੇ ਖੇਤਾਂ 'ਚੋਂ ਦੋ ਡਰੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਦੀ ਮਦਦ ਨਾਲ ਇੱਕ ਭਾਰਤੀ ਤਸਕਰ ਨੂੰ 1,00,000 ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਰਹੱਦੀ ਪਿੰਡ ਧਾਰੀਵਾਲ ਦੇ ਸਰਕਾਰੀ ਸਕੂਲ ਨੇੜਿਓਂ ਇੱਕ ਵੱਡਾ ਡਰੋਨ ਖਰਾਬ ਹਾਲਤ ਵਿੱਚ ਬਰਾਮਦ ਹੋਇਆ ਸੀ, ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਦੀ ਤਾਕਤ ਦਾ ਤਸਕਰਾਂ ’ਤੇ ਕੋਈ ਬਹੁਤਾ ਅਸਰ ਨਹੀਂ ਹੋ ਰਿਹਾ।