ਜਲੰਧਰ (ਸੰਦੀਪ ਚੱਢਾ) : ਜਲੰਧਰ ਦੇ ਸਿਵਲ ਹਸਪਤਾਲ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ ਅਤੇ ਅੱਤ ਦੀ ਗਰਮੀ ਵਿੱਚ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਐਮਰਜੈਂਸੀ ਮਰੀਜ਼ ਨੂੰ ਇਲਾਜ ਅਤੇ ਬੈੱਡ ਦੀ ਘਾਟ ਕਾਰਨ ਜ਼ਮੀਨ 'ਤੇ ਲੇਟਣਾ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ 'ਚ ਮੌਜੂਦ ਡਾਕਟਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ, ਜਿਸ ਕਾਰਨ ਮਰੀਜ਼ ਨੂੰ ਜ਼ਮੀਨ 'ਤੇ ਲੇਟਣਾ ਪਿਆ। ਦਰਅਸਲ ਇਸ ਨਾਲ ਜੁੜੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਰੀਜ਼ ਜ਼ਮੀਨ 'ਤੇ ਲੇਟਿਆ ਹੋਇਆ ਹੈ ਅਤੇ ਡਾਕਟਰਾਂ ਵਲੋਂ ਉਸ ਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਮਰੀਜ਼ ਜਾਂਚ ਲਈ ਆਉਂਦੇ ਹਨ, ਜਦੋਂ ਕਿ ਇੱਥੇ ਵੱਡੀ ਗਿਣਤੀ ਵਿੱਚ ਮਰੀਜ਼ ਦਾਖ਼ਲ ਹਨ। ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਨਾ ਸਿਰਫ਼ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ।


