ਲੁਧਿਆਣਾ : ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਗਗਨਦੀਪ ਕਾਲੋਨੀ 'ਚ 27 ਅਪ੍ਰੈਲ ਨੂੰ ਇਕ ਨੌਜਵਾਨ ਨੇ ਸ਼ਮਸ਼ਾਨਘਾਟ 'ਚ ਸੜੀ ਹੋਈ ਔਰਤ ਦੀ ਚਿਖਾ 'ਤੇ ਛਾਲ ਮਾਰ ਦਿੱਤੀ। ਅੱਜ ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਅਜੀਤਪਾਲ ਸਿੰਘ ਨੇ ਦੱਸਿਆ ਕਿ 27 ਤਰੀਕ ਨੂੰ ਗਗਨਦੀਪ ਕਾਲੋਨੀ ਦੇ ਸ਼ਮਸ਼ਾਨਘਾਟ 'ਚ ਇਕ ਔਰਤ ਦੀ ਲਾਸ਼ ਨੂੰ ਅੱਗ ਲਗਾਈ ਜਾ ਰਹੀ ਸੀ ਅਤੇ ਇਸ ਦੌਰਾਨ ਮਦਨਲਾਲ ਆਪਣੇ 23 ਸਾਲਾ ਲੜਕੇ ਨਾਲ ਉਥੇ ਮੌਜੂਦ ਸੀ | ਰੋਹਿਤ ਕੁਮਾਰ ਆਟੋ ਤੋਂ ਹੇਠਾਂ ਉਤਰ ਗਿਆ, ਜਿਸ ਨੂੰ ਉਹ ਹੱਥ ਫੜ ਕੇ ਘਰ ਵੱਲ ਲਿਜਾ ਰਿਹਾ ਸੀ। ਫਿਰ ਉਸ ਦੇ ਪੁੱਤਰ ਰੋਹਿਤ ਕੁਮਾਰ ਨੇ ਆਪਣੇ ਪਿਤਾ ਦਾ ਹੱਥ ਛੁਡਾਇਆ ਅਤੇ ਸ਼ਮਸ਼ਾਨਘਾਟ ਵਿਚ ਔਰਤ ਦੀ ਬਲਦੀ ਚਿਖਾ 'ਤੇ ਛਾਲ ਮਾਰ ਦਿੱਤੀ। ਸ਼ਮਸ਼ਾਨਘਾਟ 'ਚ ਖੜ੍ਹੇ ਲੋਕਾਂ ਨੇ ਉਸ ਨੂੰ ਪਿੱਛੇ ਖਿੱਚ ਲਿਆ ਪਰ ਉਕਤ ਨੌਜਵਾਨ ਨੇ ਫਿਰ ਚਿਖਾ 'ਤੇ ਛਾਲ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਗੰਭੀਰ ਰੂਪ 'ਚ ਝੁਲਸ ਗਿਆ। ਨੌਜਵਾਨ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਲੜਕੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਅੱਗ 'ਚ ਨੌਜਵਾਨ 70 ਫੀਸਦੀ ਝੁਲਸ ਗਿਆ ਸੀ, ਜਿਸ ਕਾਰਨ 6 ਦਿਨਾਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਮਦਨ ਲਾਲ ਵਾਸੀ ਗਗਨਦੀਪ ਕਲੋਨੀ ਨੇ ਦੱਸਿਆ ਕਿ ਉਸ ਦਾ ਲੜਕਾ ਦਿਮਾਗੀ ਤੌਰ ’ਤੇ ਬੀਮਾਰ ਸੀ। ਫਿਲਹਾਲ ਪਰਿਵਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

