ਸਿੱਧਵਾਂ ਬੇਟ : ਥਾਣਾ ਸਿੱਧਵਾਂ ਬੇਟ 'ਚ ਤਾਇਨਾਤ ਹੌਲਦਾਰ ਦੀ ਪਤਨੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਕਾਫੀ ਸਮੇਂ ਤੋਂ ਥਾਣੇ 'ਚ ਬਣੇ ਪੁਲਸ ਕੁਆਰਟਰ 'ਚ ਪਰਿਵਾਰ ਸਮੇਤ ਰਹਿ ਰਿਹਾ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਬੇਟੀ ਦਾ ਕਤਲ ਉਸ ਦੇ ਪਤੀ ਨੇ ਕੀਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਮਨਦੀਪ ਸਿੰਘ ਆਪਣੀ ਪਤਨੀ ਸੋਨੀਆ (ਉਮਰ 30) ਅਤੇ 3 ਬੱਚਿਆਂ ਨਾਲ ਥਾਣੇ ਦੇ ਪਿੱਛੇ ਸਥਿਤ ਪੁਲੀਸ ਕੁਆਰਟਰ ਵਿੱਚ ਰਹਿੰਦਾ ਸੀ। ਅੱਜ ਤੜਕੇ 3 ਵਜੇ ਕਾਂਸਟੇਬਲ ਮਨਦੀਪ ਸਿੰਘ ਨੇ ਆਪਣੇ ਸਹੁਰੇ ਨੂੰ ਫੋਨ ਕਰਕੇ ਕਿਹਾ ਕਿ ਸੋਨੀਆ ਨੂੰ ਕੁਝ ਹੋ ਗਿਆ ਹੈ, ਉਹ ਸਿੱਧਵਾਂ ਬੇਟ ਆ ਜਾਣ। ਜਦੋਂ ਸੋਨੀਆ ਦਾ ਨਾਨਕਾ ਪਰਿਵਾਰ ਪਿੰਡ ਜਹਾਨ ਖੇੜਾ, ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਤੋਂ ਸਿੱਧਵਾਂ ਬੇਟ ਪਹੁੰਚਿਆ ਤਾਂ ਸੋਨੀਆ ਦੀ ਲਾਸ਼ ਕਮਰੇ ਵਿੱਚ ਬੈੱਡ 'ਤੇ ਪਈ ਸੀ, ਜਦੋਂ ਕਿ ਉਸ ਦਾ ਪਤੀ ਘਰ ਨਹੀਂ ਸੀ। ਮ੍ਰਿਤਕ ਸੋਨੀਆ ਦੀ ਮਾਂ ਸੁਮਿੱਤਰਾ ਦੇਵੀ ਨੇ ਆਪਣੇ ਜਵਾਈ 'ਤੇ ਸੋਨੀਆ ਦੀ ਹੱਤਿਆ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਬੱਚਿਆਂ ਅਨੁਸਾਰ ਇਹ ਉਨ੍ਹਾਂ ਦੇ ਪਿਤਾ ਨੇ ਹੀ ਸੋਨੀਆ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਪੱਖੇ ਨਾਲ ਲਟਕਾਈ।
ਇਸ ਘਟਨਾ ਦਾ ਕਾਰਨ ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਜਗਰਾਉਂ ਸਬ ਡਵੀਜ਼ਨ ਦੇ ਡੀਐਸਪੀ ਜਸਜੋਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੋਨੀਆ ਦੇ ਭਰਾ ਰਮਨ ਕੁਮਾਰ ਦੇ ਬਿਆਨਾਂ 'ਤੇ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਦੂਜੇ ਪਾਸੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਡੀਐਸਪੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ ਅਤੇ ਜੇਕਰ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਧਾਰਾਵਾਂ ਵਿੱਚ ਵਾਧਾ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


