ਡੇਰਾਬੱਸੀ: ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ਵਿੱਚੋਂ 2 ਬੱਚੇ ਬਰਾਮਦ ਕਰ ਲਏ ਗਏ ਹਨ। ਇਹ ਦੋ ਬੱਚੇ ਗੌਰਵ ਅਤੇ ਗਿਆਨ ਚੰਦ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਏ.ਐਸ.ਆਈ ਕੇਵਲ ਕੁਮਾਰ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਪੁਲੀਸ ਅਧਿਕਾਰੀ ਦੁਪਹਿਰ ਤੱਕ ਬੱਚਿਆਂ ਨੂੰ ਦਿੱਲੀ ਤੋਂ ਡੇਰਾਬੱਸੀ ਲੈ ਕੇ ਜਾਣਗੇ। ਇਹ ਸਾਰੇ ਬੱਚੇ ਮੁੰਬਈ ਪਹੁੰਚ ਗਏ ਸਨ, ਜਿਨ੍ਹਾਂ 'ਚੋਂ 2 ਬੱਚੇ ਦਿੱਲੀ ਆ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਦਿੱਲੀ ਤੋਂ ਲੈ ਕੇ ਆਉਣ ਲਈ ਕਿਹਾ। ਬਾਕੀ 5 ਬੱਚੇ ਫਿਲਹਾਲ ਮੁੰਬਈ 'ਚ ਘੁੰਮ ਰਹੇ ਹਨ ਅਤੇ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਹੈ। ਜ਼ਿਕਰਯੋਗ ਹੈ ਕਿ ਡੇਰਾਬੱਸੀ 'ਚ ਐਤਵਾਰ ਸਵੇਰੇ 5 ਵਜੇ 7 ਬੱਚੇ ਪਾਰਕ 'ਚ ਖੇਡਣ ਲਈ ਨਿਕਲੇ ਸਨ ਪਰ ਵਾਪਸ ਨਹੀਂ ਪਰਤੇ। ਬੱਚਿਆਂ ਵਿੱਚ ਦਿਲੀਪ, ਗੌਰਵ, ਵਿਸ਼ਨੂੰ, ਗਿਆਨ ਚੰਦ, ਅਨਿਲ ਕੁਮਾਰ, ਸੂਰਜ ਅਤੇ ਅਜੇ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਗੌਰਵ ਅਤੇ ਗਿਆਨ ਚੰਦ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਮੁਹਾਲੀ ਦੇ ਡੀਸੀ ਅਤੇ ਐਸਐਸਪੀ ਤੋਂ ਜਵਾਬ ਮੰਗਿਆ ਹੈ। ਕਮਿਸ਼ਨ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੁਹਾਲੀ, ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲੀਸ ਕਪਤਾਨ ਤੋਂ ਰਿਪੋਰਟਾਂ ਮੰਗੀਆਂ ਹਨ।

