ਗੁਰਦਾਸਪੁਰ : ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ 'ਚ ਮਾਹੌਲ ਗਰਮਾਇਆ ਹੋਇਆ ਹੈ। ਇਸੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਰਵਾਲ ਕਲਾਂ 'ਚ ਸਰਪੰਚ ਦੀ ਚੋਣ ਲਈ ਵੱਖਰੇ ਤਰੀਕੇ ਨਾਲ ਦਾਅਵੇਦਾਰੀ ਦੇਖਣ ਨੂੰ ਮਿਲੀ।
ਗੁਰਦਾਸਪੁਰ ਦੇ ਹਰਦੋਵਾਲ ਕਲਾਂ ਵਿੱਚ ਇੱਕ ਭਾਜਪਾ ਨੇਤਾ ਨੇ ਸਰਪੰਚ ਦੀ ਚੋਣ ਲਈ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਬੋਲੀ 50 ਲੱਖ ਰੁਪਏ ਤੋਂ ਸ਼ੁਰੂ ਹੋਈ ਅਤੇ 2 ਕਰੋੜ ਰੁਪਏ ਤੱਕ ਪਹੁੰਚ ਗਈ। ਗੁਰਦਾਸਪੁਰ ਦੇ ਇਸ ਪਿੰਡ ਦੀ ਸਭ ਤੋਂ ਵੱਡੀ ਪੰਚਾਇਤ ਹੈ, ਜਿਸ ਕੋਲ 300 ਏਕੜ ਜ਼ਮੀਨ ਹੈ।
ਜਾਣਕਾਰੀ ਮੁਤਾਬਕ ਇਸ ਬੋਲੀ 'ਚ ਉਕਤ ਪਿੰਡ ਦੇ ਰਹਿਣ ਵਾਲੇ ਆਤਮਾ ਸਿੰਘ ਨਾਂ ਦੇ ਵਿਅਕਤੀ ਨੇ ਸਰਪੰਚ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਜੋ ਪੂਰੇ ਪੰਜਾਬ ਵਿੱਚ ਰਿਕਾਰਡ ਕਾਇਮ ਕਰਨ ਦੀ ਚਰਚਾ ਦਾ ਵਿਸ਼ਾ ਸੀ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਡੀ.ਸੀ. ਗੁਰਦਾਸਪੁਰ ਉਮਾ ਸ਼ੰਕਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।