ਪੰਜਾਬ ਡੈਸਕ : ਰਾਜਾ ਵੜਿੰਗ ਅੱਜ ਸੰਸਦ 'ਚ ਨਜ਼ਰ ਆਏ। ਉਨ੍ਹਾਂ ਦੇਸ਼ ਦੀ ਅਮਨ-ਸ਼ਾਂਤੀ ਦੇ ਨਾਲ-ਨਾਲ ਕਿਸਾਨਾਂ ਦੇ ਮਸਲਿਆਂ ਦੀ ਵੀ ਗੱਲ ਕੀਤੀ। ਮਰਹੂਮ ਗਾਇਕ ਸਿੱਧੂ ਮੂਸੇਵਾਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮਸ਼ਹੂਰ ਤੇ ਮੰਨੇ-ਪ੍ਰਮੰਨੇ ਕਲਾਕਾਰ ਸਨ। ਇੱਥੇ ਹੀ ਨਹੀਂ ਸਗੋਂ ਦੁਨੀਆ ਭਰ 'ਚ ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਦੁਨੀਆਂ ਉਸ ਦੇ ਗੀਤਾਂ 'ਤੇ ਨੱਚਦੀ ਸੀ, ਪਰ ਉਹ ਗਾਇਕ ਮਾਰਿਆ ਗਿਆ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਤਿਹਾੜ ਜੇਲ੍ਹ ਵਿੱਚ ਬੈਠੇ ਇੱਕ ਗੈਂਗਸਟਰ ਨੇ ਇਹ ਕਤਲ ਕਬੂਲ ਕੀਤਾ ਹੈ, ਪਰ ਅਜੇ ਤੱਕ ਗਾਇਕ ਦੇ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲ ਸਕਿਆ ਹੈ। ਅੱਜ ਵੀ ਗਾਇਕ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਸਾਈਕਲ ਸਨਅਤ ਵਿੱਚ ਅੱਗੇ ਹੈ ਪਰ ਅੱਜ ਇੱਥੋਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਚੀਨ ਇੱਕ ਸਾਲ ਵਿੱਚ 28 ਤੋਂ 30 ਕਰੋੜ ਸਾਈਕਲਾਂ ਦਾ ਉਤਪਾਦਨ ਕਰਦਾ ਹੈ ਅਤੇ ਲੁਧਿਆਣਾ ਵਿੱਚ ਸਿਰਫ਼ 2.5 ਕਰੋੜ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਕ ਇਨ ਇੰਡੀਆ ਗਲਤ ਨੀਤੀ ਹੈ, ਜਿਸ ਕਾਰਨ ਦੇਸ਼ ਦਾ ਵਿਕਾਸ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਨਸਾਫ਼ ਦੀ ਸਥਿਤੀ ਬਹੁਤ ਮਾੜੀ ਹੈ, ਇਸ ਸਰਕਾਰ ਨੇ ਦਸ ਸਾਲਾਂ ਵਿੱਚ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ। ਅੰਤ 'ਚ ਉਨ੍ਹਾਂ ਹੱਥ ਜੋੜ ਕੇ ਕਿਹਾ ਕਿ ਮੰਦਰ ਵੰਡੇ ਗਏ, ਮਸਜਿਦ ਵੰਡੀ ਗਈ ਪਰ ਭਾਜਪਾ ਵਾਲੇ ਭੋਲੇ-ਭਾਲੇ ਲੋਕਾਂ ਨੂੰ ਵੰਡਣ ਨਾ ਦੇਣ।

