ਕੀਰਤਪੁਰ : ਪੰਜਾਬ ਪੁਲੀਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਥਾਣਾ ਸਦਰ ਕੀਰਤਪੁਰ ਦੀ ਟੀਮ ਨੇ ਇੱਕ ਕਾਰ ਵਿੱਚ ਜਾ ਰਹੇ 3 ਨੌਜਵਾਨਾਂ ਨੂੰ 700 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਕੀਰਤਪੁਰ ਦੇ ਐਸ.ਐਚ.ਓ. ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਦੱਧੀ ਦੇ ਨਹਿਰੀ ਪਟੜੀ 'ਤੇ ਮੌਜੂਦ ਸੀ ਤਾਂ ਇਸ ਦੌਰਾਨ ਇਕ ਸਫੇਦ ਰੰਗ ਦੀ ਸਵਿਫਟ ਕਾਰ ਬੁੰਗਾ ਸਾਹਿਬ ਵਲੋਂ ਨਹਿਰ ਦੀ ਪਟੜੀ 'ਤੇ ਆਉਂਦੀ ਦਿਖਾਈ ਦਿੱਤੀ। ਪੁਲਸ ਪਾਰਟੀ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ 'ਤੇ ਕਾਰ ਚਾਲਕ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਦੀ ਮਦਦ ਨਾਲ ਗੱਡੀ ਨੂੰ ਰੋਕਿਆ। ਕਾਰ ਵਿੱਚ 3 ਨੌਜਵਾਨ ਸਵਾਰ ਸਨ। ਪੁਲੀਸ ਪਾਰਟੀ ਨੇ ਕਾਰ ਚਾਲਕ ਦਾ ਨਾਂ ਤੇ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਅੰਕਿਤ ਸਿੰਘ ਪੁੱਤਰ ਸੁਭਾਸ਼ ਚੰਦਰ ਵਾਸੀ ਕੁਲਹੇੜੀ ਤਹਿਸੀਲ ਤੇ ਜ਼ਿਲ੍ਹਾ ਹਿਸਾਰ ਹਰਿਆਣਾ ਦੱਸਿਆ ਤੇ ਕੰਡਕਟਰ ਸਾਈਡ ’ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਪਵਨ ਕੁਮਾਰ ਦੱਸਿਆ। ਪਿੱਛੇ ਬੈਠੇ ਵਿਅਕਤੀ ਗਿਰਧਾਰੀ ਦਾਸ ਪੁੱਤਰ ਮਹਾਜਨ ਵਾਰਡ ਨੰਬਰ 11, ਜ਼ਿਲ੍ਹਾ ਬੀਕਾਨੇਰ, ਰਾਜਸਥਾਨ ਨੇ ਆਪਣਾ ਨਾਮ ਅਮਿਤ ਪੁੱਤਰ ਕੈਲਾਸ਼ ਵਾਸੀ ਕੁਲਹੇੜੀ ਤਹਿਸੀਲ ਅਤੇ ਜ਼ਿਲ੍ਹਾ ਹਿਸਾਰ, ਹਰਿਆਣਾ ਦੱਸਿਆ।
ਜਦੋਂ ਪੁਲੀਸ ਨੇ ਗੱਡੀ ਦੀ ਜਾਂਚ ਕੀਤੀ ਤਾਂ ਕੰਡਕਟਰ ਦੀ ਸਾਈਡ ’ਤੇ ਬੈਠੇ ਵਿਅਕਤੀ ਦੇ ਪੈਰਾਂ ਕੋਲ ਇੱਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਨਜ਼ਰ ਆਇਆ। ਥਾਣਾ ਇੰਚਾਰਜ ਤੋਂ ਪੁੱਛਣ 'ਤੇ ਉਕਤ ਤਿੰਨੋਂ ਨੌਜਵਾਨਾਂ ਨੇ ਇੱਕੋ ਆਵਾਜ਼ 'ਚ ਕਿਹਾ ਕਿ ਇਸ ਮੋਮੀ ਲਿਫਾਫੇ 'ਚ ਅਫੀਮ ਹੈ, ਜਿਸ ਸਬੰਧੀ ਉਕਤ ਨੌਜਵਾਨ ਕੋਈ ਲਾਇਸੈਂਸ ਜਾਂ ਪਰਮਿਟ ਜਾਂ ਹੋਰ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੇ | ਜਿਸ 'ਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਰੋਕ ਕੇ ਕਾਰ 'ਚ ਸਵਾਰ ਤਿੰਨ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।