ਪੰਜਾਬ ਡੈਸਕ : ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਅਮਲੋਹ ਅਤੇ ਪੰਚਾਇਤਾਂ ਨੂੰ ਜਾਰੀ ਕੀਤੇ ਗਏ 40,85,175 ਰੁਪਏ ਦੇ ਸਰਕਾਰੀ ਫੰਡਾਂ ਦੀ ਗਬਨ ਕਰਨ ਦੇ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਡੀ.ਡੀ.ਪੀ.ਓ ਕੁਲਵਿੰਦਰ ਸਿੰਘ ਰੰਧਾਵਾ, ਤੇ ਇੱਕ ਨਿੱਜੀ ਵਿਅਕਤੀ ਹੰਸਪਾਲ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਘੁਟਾਲੇ ਦੇ ਸਬੰਧ ਵਿੱਚ ਅਮਲੋਹ ਦੇ ਤਤਕਾਲੀ ਬੀ.ਡੀ.ਪੀ.ਓ. ਵਿਜੀਲੈਂਸ ਥਾਣਾ ਪਟਿਆਲਾ ਰੇਂਜ ਵਿਖੇ ਕੁਲਵਿੰਦਰ ਸਿੰਘ ਰੰਧਾਵਾ (ਹੁਣ ਡੀ.ਡੀ.ਪੀ.ਓ.) ਸਮੇਤ ਪੰਜ ਵਿਅਕਤੀਆਂ ਖਿਲਾਫ ਆਈ.ਪੀ.ਸੀ. ਐਫਆਈਆਰ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਦਰਜ ਕੀਤੀ ਗਈ ਹੈ। ਵਰਣਨਯੋਗ ਹੈ ਕਿ ਉਕਤ ਦੋਸ਼ੀਆਂ ਨੇ ਆਪਸੀ ਮਿਲੀਭੁਗਤ ਨਾਲ ਕੁਝ ਨਿੱਜੀ ਫਰਮਾਂ ਅਤੇ ਇਕ ਨਿੱਜੀ ਵਿਅਕਤੀ ਦੇ ਨਾਂ 'ਤੇ ਜਾਅਲੀ ਫੰਡ ਜਾਰੀ ਕਰਕੇ 40,85,175 ਰੁਪਏ ਦੇ ਸਰਕਾਰੀ ਫੰਡਾਂ ਦਾ ਗਬਨ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਰੰਧਾਵਾ (ਉਸ ਸਮੇਂ ਬੀ.ਡੀ.ਪੀ.ਓ. ਅਮਲੋਹ) ਅਤੇ ਇੱਕ ਨਿੱਜੀ ਵਿਅਕਤੀ ਹੰਸਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।