ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਨੇੜਲੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਗਰੀਬ ਪਰਿਵਾਰ ਦੇ 60 ਸਾਲਾ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਘਰ ਪਿੰਡ ਦੇ ਬਾਹਰ ਇੱਕ ਇਮਾਰਤ ਵਿੱਚ ਹੈ ਅਤੇ ਬੀਤੀ ਰਾਤ ਉਸ ਦਾ ਪਰਿਵਾਰ ਕਿਤੇ ਗਿਆ ਹੋਇਆ ਸੀ ਅਤੇ ਉਹ ਘਰ ਵਿੱਚ ਇਕੱਲਾ ਸੀ। ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਸਿਰ ਵਿੱਚ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਘਰ ਦੇ ਬਾਹਰ ਇੱਕ ਪਿਸਤੌਲ ਵੀ ਮਿਲਿਆ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਘਰ ਵਿਚ ਲੁੱਟਣ ਲਈ ਕੁਝ ਵੀ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ. ਡਾ: ਪ੍ਰਗਿਆ ਜੈਨ, ਆਈ.ਪੀ.ਐਸ. ਪੀ ਜਸਜੀਤ ਸਿੰਘ, ਡੀ.ਐਸ.ਪੀ. ਸ਼ਮਸ਼ੇਰ ਸਿੰਘ, ਅੰਗਰੇਜ਼ ਸਿੰਘ ਅਤੇ ਸੰਜੀਵ ਕੁਮਾਰ ਅਤੇ ਵੱਖ-ਵੱਖ ਥਾਣਿਆਂ ਦੇ ਐੱਸ.ਐੱਚ.ਓ. ਸਮੇਤ ਵੱਡੀ ਗਿਣਤੀ 'ਚ ਪੁਲਿਸ ਬਲ ਮੌਕੇ 'ਤੇ ਪਹੁੰਚ ਗਏ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਪਿਆਰਾ ਸਿੰਘ (60) ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।