ਲੁਧਿਆਣਾ : ਤਾਜਪੁਰ ਰੋਡ 'ਤੇ ਇਕ ਗੰਦੇ ਨਾਲੇ 'ਚ ਇਕ ਵਿਅਕਤੀ ਦੀ ਲਾਸ਼ ਤੈਰਦੀ ਮਿਲੀ। ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਲਾਸ਼ ਨੂੰ ਦੇਖ ਕੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਅਧੀਨ ਪੈਂਦੀ ਤਾਜਪੁਰ ਚੌਕੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਮ੍ਰਿਤਕ ਦੀ ਪਛਾਣ ਕਾਕਾ ਧੌਲਾ ਦੇ ਰਹਿਣ ਵਾਲੇ ਸ਼ਾਲੂ ਵਜੋਂ ਹੋਈ ਹੈ, ਜੋ ਕਿ 2 ਦਿਨਾਂ ਤੋਂ ਲਾਪਤਾ ਸੀ। ਉਸ ਨੂੰ ਉਸ ਦੇ ਦੋਸਤ ਲੈ ਗਏ ਸਨ, ਜਿਨ੍ਹਾਂ ਨੇ ਸ਼ਾਲੂ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਗੰਦੇ ਨਾਲੇ ਵਿਚ ਸੁੱਟ ਦਿੱਤਾ।
ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਦੋ ਮੁਲਜ਼ਮਾਂ ਕੱਲੂ ਅਤੇ ਸੁਨੀਲ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਲੂ ਵਿਆਹਿਆ ਹੋਇਆ ਸੀ, ਉਸ ਦੇ 3 ਬੱਚੇ ਹਨ ਅਤੇ ਉਹ ਆਟੋ ਚਲਾਉਣ ਦਾ ਕੰਮ ਕਰਦਾ ਸੀ। ਉਸ ਦਾ ਆਪਣੇ ਦੋਸਤਾਂ ਕੱਲੂ ਅਤੇ ਸੁਨੀਲ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
16 ਅਗਸਤ ਨੂੰ ਸ਼ਾਲੂ ਕੰਮ ਲਈ ਘਰੋਂ ਨਿਕਲਿਆ ਸੀ। ਉਹ ਆਪਣੇ ਦੋਸਤਾਂ ਕੋਲ ਗਿਆ ਜਿੱਥੇ ਉਨ੍ਹਾਂ ਦਾ 10,000 ਰੁਪਏ ਨੂੰ ਲੈ ਕੇ ਝਗੜਾ ਹੋ ਗਿਆ। ਪਹਿਲਾਂ ਦੋਵਾਂ ਮੁਲਜ਼ਮਾਂ ਨੇ ਸ਼ਾਲੂ ਤੋਂ ਪੈਸੇ ਖੋਹ ਲਏ ਪਰ ਬਾਅਦ ਵਿੱਚ ਸ਼ਾਲੂ ਪੈਸੇ ਲੈ ਕੇ ਵਾਪਸ ਚਲਾ ਗਿਆ। ਦੋਵੇਂ ਦੋਸ਼ੀ ਗੁੱਸੇ ਵਿਚ ਸ਼ਾਲੂ ਕੋਲ ਗਏ ਅਤੇ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਲੈ ਗਏ। ਜਿੱਥੇ ਉਨ੍ਹਾਂ ਨੇ ਸ਼ਾਲੂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਗੰਦੇ ਨਾਲੇ 'ਚ ਸੁੱਟ ਦਿੱਤੀ। ਮ੍ਰਿਤਕਾ ਦੇ ਪਰਿਵਾਰ ਨੇ 17 ਅਗਸਤ ਨੂੰ ਸ਼ਾਲੂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ। ਜਲਦੀ ਹੀ ਉਹ ਦੋਸ਼ੀ ਨੂੰ ਕਾਬੂ ਕਰ ਲਵੇਗੀ।

