ਜੰਡਿਆਲਾ ਗੁਰੂ : ਅੱਜ ਸਵੇਰੇ ਕਰੀਬ 9 ਵਜੇ ਸਥਾਨਕ ਸ਼ਹਿਰ ਦੇ ਅੰਦਰ ਮਹਿਤਾ ਰੋਡ ’ਤੇ ਸਥਿਤ ਮਸ਼ਹੂਰ ਦੁਕਾਨ ਬੂਟਾ ਰੈਡੀਮੇਡ ਸਟੋਰ ’ਤੇ 3 ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਗੋਲੀਬਾਰੀ ਕਾਰਨ ਜਿੱਥੇ ਇੱਕ ਵਾਰ ਫਿਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਦੇ ਮਨਾਂ ਵਿੱਚ ਵੀ ਡਰ ਪੈਦਾ ਹੋ ਗਿਆ ਹੈ। ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਪੀੜਤ ਦੁਕਾਨ ਦੇ ਮਾਲਕ ਕਮਲ ਸ਼ਰਮਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ 9 ਵਜੇ ਦੁਕਾਨ ਖੋਲ੍ਹ ਕੇ ਬਾਹਰ ਨਿਕਲਿਆ ਹੀ ਸੀ ਕਿ ਜਦੋਂ ਪਲਾਟੀਨਾ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਦੁਕਾਨ ਦੇ ਸਾਹਮਣੇ ਆ ਕੇ ਰੁਕੇ, ਤਾਂ ਉਨ੍ਹਾਂ 'ਚੋਂ ਦੋ ਨੌਜਵਾਨ ਹੇਠਾਂ ਉਤਰ ਕੇ ਦੁਕਾਨ ਦੇ ਸਾਹਮਣੇ ਆ ਗਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਕਤ ਨੌਜਵਾਨ ਫਰਾਰ ਹੋ ਗਿਆ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਦੇ ਚਿਹਰੇ ਢਕੇ ਹੋਏ ਸਨ। ਇਸ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਆਮ ਦੁਕਾਨਦਾਰ 'ਤੇ ਹੋਏ ਅਜਿਹੇ ਹਮਲੇ ਨਾਲ ਸਮੁੱਚੇ ਦੁਕਾਨਦਾਰ ਵਰਗ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਘਟਨਾ ਦਾ ਜਾਇਜ਼ਾ ਲੈਣ ਪੁੱਜੇ ਡੀ.ਐਸ. ਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਚ.ਓ. ਅਜੈਪਾਲ ਸਿੰਘ ਦੀ ਅਗਵਾਈ 'ਚ ਥਾਣਾ ਮਹਿਤਾ ਦੀ ਪੁਲਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੌਕ ਮਹਿਤਾ ਸਥਿਤ ਮਾਸਟਰ ਬੁੱਕ ਸਟੋਰ 'ਤੇ ਗੋਲੀਬਾਰੀ ਹੋਈ ਸੀ, ਜਿਸ ਦੇ ਦੋਸ਼ੀਆਂ ਨੂੰ ਬੀਤੇ ਦਿਨ ਥਾਣਾ ਮਹਿਤਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।