ਲੁਧਿਆਣਾ: ਲੁਧਿਆਣਾ ਵਿੱਚ ਸੜਕ ਹਾਦਸੇ ਵਿੱਚ ਦਾਰਜੀਲਿੰਗ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ਬਸਤੀ ਜੋਧੇਵਾਲ ਨੇੜੇ ਦਾਦਾ ਮੋਟਰ ਕੋਲ ਵਾਪਰਿਆ। ਮ੍ਰਿਤਕ ਦੀ ਪਛਾਣ ਸ਼ਿਆਮ ਰਾਜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਆਮ ਰਾਜ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਤੇਜ਼ ਰਫਤਾਰ ਨਾਲ ਆ ਰਹੀ ਬੁਲੇਟ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਸ਼ਿਆਮ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹਗੀਰ ਨੇ ਦੱਸਿਆ ਕਿ ਸ਼ਿਆਮ ਰਾਜ ਪੈਦਲ ਸੜਕ ਪਾਰ ਕਰ ਰਿਹਾ ਸੀ ਕਿ ਤੇਜ਼ ਰਫਤਾਰ ਬੁਲਟ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਸ਼ਿਆਮ ਕਾਫੀ ਦੂਰ ਜਾ ਡਿੱਗਿਆ। ਪਤਾ ਲੱਗਾ ਹੈ ਕਿ ਸ਼ਿਆਮ ਰਾਜ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸਦਾ ਪਰਿਵਾਰ ਦਾਰਜੀਲਿੰਗ ਵਿੱਚ ਰਹਿੰਦਾ ਹੈ। ਉਸ ਦੇ ਵੱਡੇ ਭਰਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਇਸ ਹਾਦਸੇ ਸਬੰਧੀ ਉਸਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪਰਿਵਾਰ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

