ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਵਿੱਚ ਸਨੈਚਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਅਪਰੇਸ਼ਨ ਤਹਿਤ ਪੁਲਿਸ ਨੂੰ ਸੂਚਨਾ ਮਿਲੀ ਸੀ, ਜਿਸ ਦੇ ਬਾਅਦ ਪੁਲਿਸ ਪਾਰਟੀ ਮਕਸੂਦਾਂ ਚੌਂਕ ਜਲੰਧਰ ਦੇ ਕੋਲ ਮੌਜੂਦ ਸੀ ਤਾਂ ਪੁਲਿਸ ਨੂੰ ਸੂਚਨਾ ਮਿਲੀ ਕਿ ਪੁਲ ਦੇ ਨਜ਼ਦੀਕ ਇੱਕ ਪਾਰਕ ਵਿੱਚ ਕੁੱਝ ਵਿਅਕਤੀ ਚੋਰੀ ਦੇ ਮੋਬਾਈਲ ਫ਼ੋਨ ਵੇਚਣ ਲਈ ਆ ਰਹੇ ਹਨ।
ਪੁਲਿਸ ਪਾਰਟੀ ਨੇ ਜਸਪਾਲ ਸਿੰਘ ਉਰਫ਼ ਲਵਲੀ ਪੁੱਤਰ ਬਲਵੀਰ ਸਿੰਘ ਵਾਸੀ ਮਕਾਨ ਨੰ: 10 ਮੋਤੀ ਨਗਰ, ਜਲੰਧਰ, ਵਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਬੋਹੜਵਾਲਾ ਮੁਹੱਲਾ ਮਕਸੂਦਾਂ, ਜਲੰਧਰ ਅਤੇ ਪਵਨ ਕੁਮਾਰ ਉਰਫ਼ ਪੰਮਾ ਪੁੱਤਰ ਕੁਲਵੰਤ ਰਾਏ ਵਾਸੀ ਬੀਬੀ ਭਾਨੀ ਫਲੈਟ ਨੂੰ ਗਿ੍ਫ਼ਤਾਰ ਕੀਤਾ। ਇਨ੍ਹਾਂ ਕੋਲੋਂ ਇੱਕ ਮੋਬਾਈਲ ਫ਼ੋਨ, ਇੱਕ ਐਕਟਿਵਾ ਅਤੇ ਇੱਕ ਦਾਤਰ ਬਰਾਮਦ ਹੋਇਆ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁਲਜ਼ਮ ਜਸਪਾਲ ਸਿੰਘ ਖ਼ਿਲਾਫ਼ ਪਹਿਲਾਂ ਹੀ ਕੇਸ ਚੱਲ ਰਿਹਾ ਹੈ ਜਦਕਿ ਪਵਨ ਖ਼ਿਲਾਫ਼ ਦੋ ਐਫਆਈਆਰ ਦਰਜ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਵਰਿੰਦਰ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।