ਪੰਜਾਬ ਡੈਸਕ : ਪੰਜਾਬ ਸਰਕਾਰ ਨੇ ਬਿਜਲੀ ਚੋਰੀ ਖਿਲਾਫ ਮੁਹਿੰਮ ਤੇਜ਼ ਕਰਦਿਆਂ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕੱਲੇ ਅਗਸਤ ਮਹੀਨੇ ਦੌਰਾਨ ਸੂਬੇ ਭਰ ਦੇ ਬਿਜਲੀ ਚੋਰੀ ਰੋਕੂ ਥਾਣਿਆਂ ਵਿੱਚ 296 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 38 ਮੁਲਾਜ਼ਮਾਂ ਨੂੰ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਬਰਖਾਸਤ ਕੀਤਾ ਗਿਆ ਹੈ।
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸੂਬੇ ਭਰ ਵਿੱਚ ਲਗਾਤਾਰ ਚੈਕਿੰਗ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਪਟਿਆਲਾ ਜ਼ੋਨ ਵਿੱਚ 90, ਅੰਮ੍ਰਿਤਸਰ ਜ਼ੋਨ ਵਿੱਚ 79 ਐਫ.ਆਈ.ਆਰ ਬਠਿੰਡਾ ਜ਼ੋਨ ਵਿੱਚ 71, ਲੁਧਿਆਣਾ ਜ਼ੋਨ ਵਿੱਚ 27 ਅਤੇ ਜਲੰਧਰ ਜ਼ੋਨ ਵਿੱਚ 27 ਕੇਸ ਦਰਜ ਕੀਤੇ ਗਏ ਹਨ। ਇਹ ਐਫ.ਆਈ.ਆਰ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ਦਰਜ ਕੀਤੇ ਜਾਣ 'ਤੇ ਜ਼ੋਰ ਦਿੰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਦੌਰਾਨ 37 ਆਊਟਸੋਰਸ ਮੀਟਰ ਰੀਡਰਾਂ ਅਤੇ ਇਕ ਸੁਪਰਵਾਈਜ਼ਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖਾਸਤ ਕੀਤਾ ਗਿਆ ਹੈ। ਪੰਜਾਬ ਸਰਕਾਰ ਭ੍ਰਿਸ਼ਟਾਚਾਰ ਅਤੇ ਬਿਜਲੀ ਚੋਰੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ।

