ਪਟਿਆਲਾ: ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (ਆਰ.ਜੀ.ਐਨ.ਐਨ.ਯੂ.) ਦੇ ਵਾਈਸ ਚਾਂਸਲਰ ਵੱਲੋਂ ਲੜਕੀਆਂ ਦੇ ਹੋਸਟਲ ਦੇ ਕਮਰੇ ਦਾ ਅਚਨਚੇਤ ਦੌਰਾ ਕਰਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੀਸੀ ਵਿਰੁੱਧ ਧਰਨੇ 'ਤੇ ਬੈਠੀਆਂ ਵਿਦਿਆਰਥਣਾਂ ਕੋਲ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ, ਤੁਹਾਡੀਆਂ ਸਮੱਸਿਆਵਾਂ ਮਹੱਤਵਪੂਰਨ ਹਨ, ਇਸ ਲਈ ਮੈਂ ਅੱਜ ਇੱਥੇ ਤੁਹਾਡੀ ਗੱਲ ਸੁਣਨ ਆਈ ਹਾਂ, ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰਨਾ ਹੈ।
ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੱਸਣ ਦਾ ਅਧਿਕਾਰ ਹੈ। ਵਿਦਿਆਰਥੀਆਂ ਦੇ ਹੱਕ ਵਿੱਚ ਆਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਦੇ ਮੱਦੇਨਜ਼ਰ ਇਕ ਕਮੇਟੀ ਬਣਾਈ ਜਾਵੇਗੀ ਅਤੇ ਵਿਦਿਆਰਥੀਆਂ ਦੀ ਸਹਿਮਤੀ ਨਾਲ ਹੀ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਬਾਅਦ ਗਠਿਤ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰੇਗੀ ਅਤੇ ਫਿਰ ਨਿਰਪੱਖ ਤਰੀਕੇ ਨਾਲ ਆਪਣੀ ਰਿਪੋਰਟ ਸੌਂਪੇਗੀ। ਦੱਸ ਦੇਈਏ ਕਿ ਪਿਛਲੇ ਦਿਨ ਪ੍ਰਦਰਸ਼ਨ ਕਰ ਰਹੇ 3 ਵਿਦਿਆਰਥੀਆਂ ਦੀ ਹਾਲਤ ਗਰਮੀ ਕਾਰਨ ਵਿਗੜ ਗਈ ਸੀ। ਇਸ ਤੋਂ ਬਾਅਦ 9 ਮੈਂਬਰੀ ਕਮੇਟੀ ਦੇ 3 ਮੈਂਬਰਾਂ ਡੀਨ ਸਟੂਡੈਂਟਸ ਵੈਲਫੇਅਰ ਡਾ ਮਨੋਜ ਸ਼ਰਮਾ, ਕੰਟਰੋਲਰ ਪ੍ਰੀਖਿਆ ਡਾ ਸ਼ਰਨਜੀਤ ਕੌਰ ਅਤੇ ਸਹਾਇਕ ਪ੍ਰੋਫੈਸਰ ਡਾ ਜਸਲੀਨ ਕੇਵਲਾਨੀ ਨੇ ਅਸਤੀਫਾ ਦੇ ਦਿੱਤਾ।


